ਮੁੰਬਈ(ਬਿਊਰੋ)— ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਐਤਵਾਰ ਨੂੰ ਕੈਂਸਰ ਕਾਰਨ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰੀਤਾ ਕੋਇਰਾਲ ਨੇ ਰਿਤੁਪਰਣ ਘੋਸ਼ ਦੀ 'ਅਸੁਖ' (1999) ਤੋਂ ਇਲਾਵਾ 'ਪਾਰੋਮਿਤਾਰ ਏਕਦਿਨ' 'ਦਤ ਵਰਸਜ ਦੱਤ' 'ਚ ਕੰਮ ਕੀਤਾ ਸੀ।

ਫਿਲਹਾਲ ਉਹ 'ਰਾਖੀ ਬੰਧਨ' ਤੇ 'ਸਤਰੀ' ਵਰਗੇ ਮਸ਼ਹੂਰ ਸੀਰੀਅਲਾਂ 'ਚ ਵੀ ਕੰਮ ਕਰ ਚੁੱਕੀ ਸੀ। ਉਨ੍ਹਾਂ ਦੀ ਉਮਰ ਅਜੇ 58 ਸਾਲ ਦੀ ਸੀ। ਉਨ੍ਹਾਂ ਦੇ ਪਰਿਵਾਰ 'ਚ ਇਕ ਪੁੱਤਰੀ ਹੈ।
ਸੂਤਰਾਂ ਮੁਤਾਬਕ ਦੋ ਮਹੀਨੇ ਪਹਿਲਾ ਉਨ੍ਹਾਂ ਨੂੰ ਲਿਵਰ ਕੈਂਸਰ ਹੋਣ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ 'ਚ ਜਾਣਾ ਆਉਣਾ ਲੱਗਾ ਰਹਿੰਦਾ ਸੀ। ਇਸ ਦੌਰਾਨ ਰੀਤਾ ਸੀਰੀਅਲਾਂ ਦੀ ਸ਼ੂਟਿੰਗ ਵੀ ਕਰ ਰਹੀ ਸੀ। 7 ਦਿਨ ਪਹਿਲਾ ਹੀ ਉਹ ਕੇਮੋਥੇਰੇਪੀ ਤੋਂ ਬਾਅਦ ਹਸਪਤਾਲ ਤੋਂ ਘਰ ਆਈ ਸੀ। ਕੱਲ੍ਹ ਤੜਕੇ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ ਸੀ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਇਰਾਲ ਦੇ ਦਿਹਾਂਤ 'ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਇਸ ਮਸ਼ਹੂਰ ਅਦਾਕਾਰਾ ਦੀ ਬਹੁਤ ਘੱਟ ਉਮਰ 'ਚ ਹੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਤੇ ਪ੍ਰਸ਼ੰਸਕਾਂ ਪ੍ਰਤੀ ਗਹਿਰੀ ਸੰਵੇਦਨਾ।'' ਸੁਪਰਸਟਾਰ ਪ੍ਰਸੇਨਜੀਤ ਚਟਰਜੀ ਨੇ ਟਵੀਟ ਕਰਕੇ ਕਿਹਾ ਕਿ, ''ਇਸ ਅਦਾਕਾਰਾ ਦੇ ਦਿਹਾਂਤ ਨਾਲ ਮੈਨੂੰ ਗਹਿਰਾ ਸਦਮਾ ਲੱਗਾ ਹੈ।''