ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰੌਣਤ ਅਤੇ ਆਦਿਤਿਆ ਪੰਚੋਲੀ ਦਾ ਆਪਸੀ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਆਦਿਤਿਆ ਪੰਚੋਲੀ ਨੇ ਬੀਤੇ ਵੀਰਵਾਰ ਨੂੰ ਵਰਸੋਵਾ ਪੁਲਸ ਸਟੇਸ਼ਨ 'ਚ ਕੰਗਨਾ ਤੇ ਆਪਣੇ ਵਕੀਲ ਰਿਜਵਾਨ ਸਿੱਦੀਕੀ ਖਿਲਾਫ ਇਕ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪੰਚੋਲੀ ਨੂੰ ਡਰ ਹੈ ਕਿ ਉਸ ਨੂੰ ਝੂਠੇ ਰੇਪ ਕੇਸ 'ਚ ਫਸਾਇਆ ਜਾ ਸਕਦਾ ਹੈ ਅਤੇ ਇਸ ਲਈ ਉਹ ਪੁਲਸ ਕੋਲ ਆਏ ਹਨ। ਇਸ ਤੋਂ ਪਹਿਲਾ ਪੰਚੋਲੀ ਨੇ ਦੋਸ਼ ਲਾਇਆ ਸੀ ਕਿ ਸਿੱਦੀਕੀ ਨੇ ਮੈਨੂੰ ਕੰਗਨਾ ਖਿਲਾਫ ਮਾਨਹਾਨੀ ਦਾ ਮਾਮਲਾ ਵਾਪਸ ਲੈਣ ਲਈ ਕਿਹਾ ਸੀ ਅਤੇ ਜੇਕਰ ਮੈਂ ਅਜਿਹਾ ਨਹੀਂ ਕਰਦਾ ਹਾਂ ਤਾਂ ਉਸ 'ਤੇ ਰੇਪ ਕੇਸ ਕਰ ਦਿੱਤਾ ਜਾਵੇਗਾ। ਆਪਣੇ ਪੱਖ ਨੂੰ ਮਜਬੂਤ ਕਰਨ ਲਈ ਪੰਚੋਲੀ ਨੇ ਪੁਲਸ ਸਾਹਮਣੇ ਇਕ ਵੀਡੀਓ ਵੀ ਪੇਸ਼ ਕੀਤਾ, ਜਿਸ 'ਚ ਕਥਿਤ ਤੌਰ 'ਤੇ ਸਿੱਦੀਕੀ ਉਸ ਨੂੰ ਰੇਪ ਕੇਸ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵੀਡੀਓ ਤੋਂ ਕਿਸੇ ਸੱਚ ਝੂਠ ਦਾ ਕੁਝ ਪਤਾ ਨਹੀਂ ਲੱਗਾ। ਪੰਚੋਲੀ ਨੇ ਪੁਲਸ ਤੋਂ ਸਿੱਦੀਕੀ, ਕੰਗਨਾ ਤੇ ਉਸਦੀ ਭੈਣ ਰੰਗੋਲੀ ਚੰਦੇਲ ਖਿਲਾਫ ਤੁਰੰਤ ਹੋਰ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਚੋਲੀ ਖਿਲਾਫ ਕੰਗਨਾ ਵਲੋਂ ਉਸ ਦੀ ਭੈਣ ਰੰਗੋਲੀ ਨੇ ਈ-ਮੇਲ ਦੇ ਜਰੀਏ ਦੋ ਹਫਤੇ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਪੰਚੋਲੀ 'ਤੇ 'ਹਮਲਾ ਕਰਨ ਤੇ ਸ਼ੋਸ਼ਣ ਕਰਨ' ਦਾ ਦੋਸ਼ ਲਾਇਆ ਸੀ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਇਹ ਕਥਿਤ ਘਟਨਾ ਲਗਭਗ ਇਕ ਦਹਾਕੇ ਪਹਿਲਾ ਕੀਤੀ ਹੈ। ਇਸ ਸ਼ਿਕਾਇਤ ਤੋਂ ਬਾਅਦ ਪੰਚੋਲੀ ਨੇ ਕੰਗਨਾ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ ਕਰਾਉਂਦੇ ਹੋਏ ਦੋਸ਼ ਲਾਇਆ ਸੀ ਕਿ ਉਹ ਮੇਰੇ ਖਿਲਾਫ ਸਾਜਿਸ਼ ਰਚ ਰਹੀ ਹੈ।