ਜਲੰਧਰ (ਬਿਊਰੋ) — ਮਲਟੀ ਸਟਾਰਰ ਫਿਲਮ 'ਤੇਰੀ ਮੇਰੀ ਜੋੜੀ' ਦੀ ਸਫਲਤਾ ਤੋਂ ਬਾਅਦ ਨਿਰੇਦਸ਼ਕ ਅਦਿੱਤਿਆ ਸੂਦ ਇਕ ਹੋਰ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ ਸੋਸ਼ਲ ਮੀਡੀਆ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੀ ਉਹ ਵੱਖਰੇ ਵਿਸ਼ੇ 'ਤੇ ਫਿਲਮ ਲੈ ਕੇ ਆ ਰਹੇ ਹਨ ਅਤੇ ਇਸ ਫਿਲਮ ਦਾ ਨਾਂ 'ਪੱਕੇ ਕੈਨੇਡਾ ਵਾਲੇ' ਹੈ। ਫਿਲਮ ਦੇ ਪੋਸਟਰ 'ਤੇ ਲਿਖਿਆ ਹੈ, ''ਭਿੰਡੀਆਂ ਕੱਚੀਆਂ ਤਾਂ ਸੁਣੀਆਂ ਸੀ ਭਲਾਂ ਵਿਆਹ ਵੀ ਕਦੇ ਕੱਚੇ ਹੁੰਦੇ ਨੇ।''
ਦੱਸ ਦਈਏ ਕਿ ਇਸ ਫਿਲਮ ਦੇ ਪੋਸਟਰ ਨੂੰ ਦੇਖ ਕੇ ਤਾਂ ਲੱਗਦਾ ਹੈ ਇਹ ਫਿਲਮ ਵਿਦੇਸ਼ਾਂ 'ਚ ਪਹੁੰਚਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਕਰਵਾਏ ਜਾਂਦੇ ਕੱਚੇ ਵਿਆਹਾਂ ਰਾਹੀਂ ਵਿਦੇਸ਼ਾਂ 'ਚ ਪੀ. ਆਰ ਹੋਣ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਫਿਲਹਾਲ ਫਿਲਮ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਅਦਿੱਤਿਆ ਸੂਦ ਨੇ ਹੀ ਲਿਖੀ ਹੈ, ਜਿਸ ਨੂੰ ਡਾਇਰੈਕਟ ਵੀ ਖੁਦ ਹੀ ਕਰਨਗੇ। ਇਸ ਫਿਲਮ ਨੂੰ ਪ੍ਰੋਡਿਊਸ ਹਰਮਨਦੀਪ ਸੂਦ ਕਰ ਰਹੇ ਹਨ। ਇਹ ਫਿਲਮ 2020 'ਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।