ਮੁੰਬਈ(ਬਿਊਰੋ)— ਸਾਲ 1996 'ਚ ਆਈ ਕਲਾਸਿਕ ਫਿਲਮ 'ਅਗਨੀਸਾਕਸ਼ੀ' ਦਾ ਰੀਮੇਕ ਬਣਨ ਜਾ ਰਿਹਾ ਹੈ। ਇਸ ਫਿਲਮ ਲਈ ਇਰਫਾਨ ਖਾਨ ਨੂੰ ਜਦੋਂ ਅਪ੍ਰੋਚ ਕੀਤਾ ਗਿਆ ਤਾਂ ਉਹ ਇਸ ਤੋਂ ਇਨਕਾਰ ਨਾ ਕਰ ਸਕੇ। ਇਹ ਉਨ੍ਹਾਂ ਦੀ ਹਿੰਮਤ ਹੀ ਤਾਂ ਹੈ, ਜੋ ਗੰਭੀਰ ਬੀਮਾਰੀ ਦੇ ਬਾਵਜੂਦ ਉਹ ਇਸ ਫਿਲਮ ਲਈ ਰਾਜ਼ੀ ਹੋਏ ਹਨ। ਇਸ ਫਿਲਮ 'ਚ ਉਹ ਇਕ ਮੈਂਟਲ ਪਤੀ ਦਾ ਕਿਰਦਾਰ ਨਿਭਾਉਂਦੇ ਦਿਖਣਗੇ, ਜੋ ਆਪਣੀ ਪਤਨੀ ਨੂੰ ਟਾਰਚਰ ਕਰਦਾ ਹੈ। ਮਨੀਸ਼ਾ ਕੋਈਰਾਲਾ, ਜੈਕੀ ਸ਼ਰਾਫ ਅਤੇ ਨਾਨਾ ਪਾਟੇਕਰ ਦੀ ਇਸ ਫਿਲਮ ਨੂੰ ਪਾਰਥੋ ਘੋਸ਼ ਨੇ ਬਣਾਇਆ ਸੀ।
ਰੀਮੇਕ ਪ੍ਰੋਜੈਕਟ ਨੂੰ ਵੀ ਉਹੀ ਨਿਰਦੇਸ਼ਿਤ ਕਰਨ ਵਾਲੇ ਹਨ। ਇਰਫਾਨ ਖਾਨ ਨੂੰ ਫਿਲਮ 'ਚ ਉਹ ਰੋਲ ਆਫਰ ਕੀਤਾ ਗਿਆ ਹੈ, ਜਿਸ ਨੂੰ ਓਰੀਜਨਲ ਫਿਲਮ 'ਚ ਨਾਨਾ ਪਾਟੇਕਰ ਨੇ ਨਿਭਾਇਆ ਸੀ। ਜਾਣਕਾਰੀ ਮੁਤਾਬਕ ਇਸ ਫਿਲਮ ਲਈ ਨਾਨਾ ਪਾਟੇਕਰ ਨੂੰ ਸਾਲ 1997 'ਚ ਨੈਸ਼ਨਲ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਪਾਟੇਕਰ ਨੂੰ 'ਬੈਸਟ ਸੁਪੋਰਟਿੰਗ ਐਕਟਰ' ਦਾ ਪੁਰਸਕਾਰ ਮਿਲਿਆ ਸੀ। ਇਕ ਖਬਰ ਮੁਤਾਬਕ ਨੈਸ਼ਨਲ ਐਵਾਰਡ ਜੇਤੂ ਐਕਟਰ ਇਰਫਾਨ ਖਾਨ ਨੇ 'ਅਗਨੀਸਾਕਸ਼ੀ 2' ਲਈ ਮੇਕਰਸ ਨੂੰ ਤਰੀਕਾਂ ਵੀ ਦੇ ਦਿੱਤੀਆਂ ਹਨ।
ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਅਪ੍ਰੈਲ ਦੇ ਆਖਿਰੀ ਹਫਤੇ 'ਚ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦੇਣਗੇ। ਇਰਫਾਨ ਖਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। ਹੋ ਸਕਦਾ ਹੈ ਕਿ ਇਸ ਦਾ ਅਸਰ ਫਿਲਮ 'ਅਗਨੀਸਾਕਸ਼ੀ 2' ਦੇ ਨਿਰਮਾਣ 'ਤੇ ਵੀ ਪੈਣ। 22 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਅਗਨੀਸਾਕਸ਼ੀ' ਹਾਲੀਵੁੱਡ ਫਿਲਮ 'ਸਲੀਪਿੰਗ ਵਿਦ ਐਨੇਮੀ' ਦਾ ਰੀਮੇਕ ਹੈ। ਹਾਲੀਵੁੱਡ ਫਿਲਮ 'ਚ ਜੂਲੀਆ ਰਾਬਰਟਸ ਨੇ ਮੁੱਖ ਕਿਰਦਾਰ ਨਿਭਾਇਆ ਸੀ।
ਇਸੇ ਫਿਲਮ 'ਤੇ ਬਾਲੀਵੁੱਡ 'ਚ 2 ਹੋਰ ਫਿਲਮਾਂ ਮਾਧੁਰੀ ਦੀਕਸ਼ਿਤ ਦੀ 'ਯਾਰਾਨਾ' ਤੇ ਜੂਹੀ ਚਾਵਲਾ ਸਟਾਰਰ 'ਦਰਾਰ' ਬਣੀ। ਦਿਲਚਸਪ ਗੱਲ ਇਹ ਹੈ ਕਿ ਇਕ ਹੀ ਫਿਲਮ 'ਤੇ ਆਧਾਰਿਤ ਤਿੰਨੇਂ ਫਿਲਮਾਂ 'ਅਗਨੀਸਾਕਸ਼ੀ', 'ਯਾਰਾਨਾ' ਤੇ 'ਦਰਾਰ' ਇਕ ਹੀ ਸਾਲ ਦੇ ਅੰਦਰ ਰਿਲੀਜ਼ ਹੋਈ ਤੇ ਤਿੰਨੇਂ ਬਾਕਸ ਆਫਿਸ 'ਤੇ ਹਿੱਟ ਹੋਈਆਂ ਸਨ। ਫਿਲਮ 'ਅਗਨੀਸਾਕਸ਼ੀ-2' ਬਣਾਉਣ ਜਾ ਰਹੇ ਪਾਰਥੋ ਘੋਸ਼ ਨੇ ਹਾਰਰ ਫਿਲਮ '100 ਡੇਜ਼' ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ।
ਇਸ ਫਿਲਮ 'ਚ ਮਾਧੁਰੀ ਦੀਕਸ਼ਿਤ ਨੇ ਮੁੱਖ ਕਿਰਦਾਰ ਨਿਭਾਇਆ ਸੀ। ਉਹ ਫਿਲਮ 'ਦਲਾਲ', 'ਤੀਸਰਾ ਕੌਣ', 'ਕੋਹਰਾ', ਕੌਣ ਸੱਚਾ ਕੌਣ ਝੂਠਾ' ਨੂੰ ਵੀ ਨਿਰਦੇਸ਼ਿਤ ਕਰ ਚੁੱਕੇ ਹਨ।