ਮੁੰਬਈ (ਬਿਊਰੋ) : ਰਿਲਾਇੰਸ ਇੰਡਸਟਰੀਜ਼ ਦੇ ਵਾਰਿਸ ਆਕਾਸ਼ ਅੰਬਾਨੀ ਹੀਰਿਆਂ ਦੇ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਨਾਲ ਸ਼ਨੀਵਾਰ ਨੂੰ ਇਥੇ ਸ਼ਾਨਦਾਰ ਸਮਾਰੋਹ 'ਚ ਵਿਆਹ ਦੇ ਬੰਧਨ ਵਿਚ ਬੱਝ ਗਏ। ਵਿਆਹ ਸਮਾਰੋਹ ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਨਵੇਂ ਬਣੇ ਸੰਮੇਲਨ ਕੇਂਦਰ 'ਚ ਸੰਪੰਨ ਹੋਇਆ।
ਇਹ ਕੇਂਦਰ ਅੰਬਾਨੀ ਪਰਿਵਾਰ ਵਲੋਂ ਚਲਾਏ ਜਾ ਰਹੇ ਇਕ ਸਕੂਲ ਤੋਂ ਥੋੜ੍ਹੀ ਦੂਰੀ 'ਤੇ ਬਣਿਆ ਹੋਇਆ ਹੈ, ਜਿਥੇ ਆਕਾਸ਼ ਤੇ ਸ਼ਲੋਕਾ ਨੇ ਇਕੱਠਿਆਂ ਪੜ੍ਹਾਈ ਕੀਤੀ ਸੀ।
ਬਾਲੀਵੁੱਡ ਦੀ ਪ੍ਰਤੀਨਿਧਤਾ ਰਜਨੀਕਾਂਤ, ਆਮਿਰ ਖਾਨ, ਪ੍ਰਿਯੰਕਾ ਚੋਪੜਾ ਤੇ ਐਸ਼ਵਰਿਆ ਰਾਏ ਬੱਚਨ ਨੇ ਕੀਤੀ। ਉਧਰ ਕ੍ਰਿਕਟ ਜਗਤ ਤੋਂ ਯੁਵਰਾਜ ਸਿੰਘ, ਹਾਰਦਿਕ ਤੇ ਕੁਣਾਲ ਪੰਡਯਾ ਨੇ ਹਾਜ਼ਰੀ ਲਵਾਈ।
ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ, ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਉਨ੍ਹਾਂ ਦੀ ਪਤਨੀ ਚੈਰੀ, ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਬਾਨ ਕੀ ਮੂਨ ਵੀ ਇਥੇ ਨਜ਼ਰ ਆਏ।
'ਜਿਓ ਵਰਲਡ ਸੈਂਟਰ' ਅੰਦਰ ਬਣੇ ਕਾਰੀਡੋਰ ਵਿਚ ਬਰਾਤ ਲਈ ਪ੍ਰਬੰਧ ਕੀਤਾ ਗਿਆ, ਜਿਥੇ ਬਾਲੀਵੁੱਡ ਸੰਗੀਤਕਾਰ ਵਿਸ਼ਾਲ ਤੇ ਸ਼ੇਖਰ ਦੇ ਪੈਰ ਥਿਰਕਾਉਣ ਵਾਲੇ ਗਾਣਿਆਂ 'ਤੇ ਲੋਕ ਝੂਮ ਰਹੇ ਸਨ।
ਸੋਸ਼ਲ ਮੀਡੀਆ 'ਤੇ ਨਜ਼ਰ ਆ ਰਹੀਆਂ ਤਸਵੀਰਾਂ 'ਚ ਆਕਾਸ਼ ਦੀ ਮਾਂ ਨੀਤਾ, ਸ਼ਾਹਰੁਖ ਖਾਨ, ਰਣਵੀਰ ਕਪੂਰ ਵਰਗੀਆਂ ਬਾਲੀਵੁੱਡ ਹਸਤੀਆਂ, ਕਾਂਗਰਸੀ ਆਗੂ ਰਾਜੀਵ ਸ਼ੁਕਲਾ ਅਤੇ ਹੋਰ ਲੋਕ ਝੂਮਦੇ ਨਜ਼ਰ ਆ ਰਹੇ ਹਨ।
ਵਿਆਹ ਵਿਚ ਸ਼ਾਮਲ ਹੋਏ ਹੋਰਨਾਂ ਮਹਿਮਾਨਾਂ 'ਚ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਈ, ਪ੍ਰਮੁੱਖ ਉਦਯੋਗਪਤੀ ਰਤਨ ਟਾਟਾ ਅਤੇ ਐੱਨ. ਚੰਦਰਸ਼ੇਖਰਨ, ਬੈਂਕ ਆਫ ਅਮਰੀਕਾ, ਸੈਮਸੰਗ ਤੇ ਜੇ. ਪੀ. ਮਾਰਗਨ ਦੇ ਵਿਸ਼ਵ ਪੱਧਰੀ ਮੁਖੀ ਕਾਰਜਕਾਰੀ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ।