ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਡੈਬਿਊ ਫ਼ਿਲਮ 'ਸੋਗੰਧ' ਦੀ ਹੀਰੋਇਨ ਸ਼ਾਂਤੀ ਪ੍ਰਿਆ ਇੰਨੀਂ ਦਿਨੀਂ ਕਾਫ਼ੀ ਚਰਚਾ 'ਚ ਹੈ ਕਿਉਂਕਿ ਉਹ ਜਲਦ ਹੀ ਸਲਮਾਨ ਖ਼ਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ। ਉਹ ਖ਼ੁਦ ਵੀ ਇਸ ਸ਼ੋਅ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ ਕਿਉਂ ਲੰਮੇ ਅਰਸੇ ਤੋਂ ਬਾਅਦ ਉਨ੍ਹਾਂ ਦੀ ਗਲੈਮਰਸ ਦੀ ਇਸ ਦੁਨੀਆ 'ਚ ਐਂਟਰੀ ਹੋਣ ਵਾਲੀ ਹੈ।

ਹਾਲ ਹੀ 'ਚ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਅਜਿਹੀ ਗੱਲ ਦਾ ਖ਼ੁਲਾਸਾ ਕੀਤਾ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਅਕਸ਼ੈ ਕੁਮਾਰ ਕਾਰਨ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਉਨ੍ਹਾਂ ਦੇ ਰੰਗ ਦਾ ਖ਼ੂਬ ਮਜ਼ਾਕ ਉਡਾਉਂਦੇ ਸਨ ਅਤੇ ਉਹ ਵੀ ਸਾਰਿਆਂ ਦੇ ਸਾਹਮਣੇ। ਇਸ ਵਜ੍ਹਾ ਕਰਕੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ।

ਸ਼ਾਂਤੀ ਪ੍ਰਿਆ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ 'ਇੱਕੇ ਪੇ ਇੱਕਾ' ਦੀ ਸ਼ੂਟਿੰਗ ਦੌਰਾਨ ਵੀ ਅਕਸ਼ੈ ਕੁਮਾਰ ਉਨ੍ਹਾਂ ਦੇ ਕਾਲੇ ਗੋਡਿਆਂ ਦਾ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਅਕਸ਼ੈ ਇਹ ਸਭ ਕੁਝ ਮਜ਼ਾਕ 'ਚ ਕਰਦੇ ਸਨ, ਉਨ੍ਹਾਂ ਦਾ ਮਕਸਦ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ ਪਰ ਅਕਸ਼ੈ ਦੀ ਇਸ ਹਰਕਤ ਕਰਕੇ ਉਹ ਕਈ ਘੰਟੇ ਆਪਣੀ ਮਾਂ ਕੋਲ ਜਾ ਕੇ ਰੋਂਦੀ ਸੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਉਹ ਡਿਪ੍ਰੈਸ਼ਨ 'ਚ ਚਲੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਤੇ ਅਕਸ਼ੈ ਕੁਮਾਰ ਅੱਜ ਵੀ ਚੰਗੇ ਦੋਸਤ ਹਨ।