ਮੁੰਬਈ (ਬਿਊਰੋ)— ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਹ ਖੁਦ 'ਤੇ ਬਾਇਓਪਿਕ ਨਹੀਂ ਬਣਾਉਣਾ ਚਾਹੁੰਦੇ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ ਦਾ ਚਲਨ ਜ਼ੋਰਾਂ 'ਤੇ ਹੈ। ਸੰਜੇ ਦੱਤ ਦੇ ਜੀਵਨ 'ਤੇ ਹਾਲ ਹੀ ਵਿਚ ਫਿਲਮ 'ਸੰਜੂ' ਲਾਂਚ ਹੋਈ ਹੈ। ਜਦੋ ਅਕਸ਼ੈ ਤੋਂ ਪੁੱਛਿਆ ਗਿਆ ਕਿ ਕੀ ਉਹ ਪਰਦੇ 'ਤੇ ਆਪਣੀ ਬਾਇਓਪਿਕ ਦੇਖਣਾ ਪਸੰਦ ਕਰਨਗੇ, ਅਕਸ਼ੈ ਨੇ ਜਵਾਬ ਦਿੰੰਦਿਆਂ ਕਿਹਾ, ''ਮੈਨੂੰ ਲੱਗਦਾ ਹੈ ਕਿ ਇਤਿਹਾਸ 'ਚ ਕਈ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ। ਕਈ ਅਜਿਹੇ ਲੋਕ ਹਨ ਜੋ ਭਾਰਤ ਨੂੰ ਪਾਜ਼ੇਟਿਵ ਡਾਇਰੈਕਸ਼ਨ 'ਚ ਲੈ ਗਏ ਹਨ। ਮੈਂ ਖੁਦ 'ਤੇ ਬਾਇਓਪਿਕ ਬਣਾ ਕੇ ਮੂਰਖਤਾ ਨਹੀਂ ਕਰਾਂਗਾ। ਬਿਹਤਰ ਹੈ ਕਿ ਕਿਸੇ ਰੀਅਲ ਹੀਰੋ 'ਤੇ ਫਿਲਮ ਬਣਾਵਾਂ।''
ਜ਼ਿਕਰਯੋਗ ਹੈ ਕਿ ਆਪਣੀ ਆਉਣ ਵਾਲੀ ਫਿਲਮ 'ਗੋਲਡ' 'ਚ ਅਕਸ਼ੈ ਦੀ ਮੌਨੀ ਰਾਏ ਨਾਲ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ ਫਿਲਮ 'ਚ ਅਕਸ਼ੈ 'ਹਾਕੀ ਕੋਚ' ਦੇ ਰੋਲ 'ਚ ਨਜ਼ਰ ਆਉਣਗੇ। ਇਸ ਨੂੰ ਰੀਨਾ ਕਾਗਤੀ ਨੇ ਨਿਰਦੇਸ਼ਿਤ ਅਤੇ ਰਿਤੇਸ਼ ਸਿਧਵਾਨੀ-ਫਰਹਾਨ ਅਖਤਰ ਨੇ ਪ੍ਰੋਡਿਊਸ ਕੀਤਾ ਹੈ। 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਕਸ਼ੈ ਕੁਮਾਰ ਅਸੀਸਟੈਂਟ ਮੈਨੇਜਰ ਤਪਨ ਦਾਸ ਦੀ ਜ਼ਿੰਦਗੀ ਨੂੰ ਵੱਡੇ ਪਰਦੇ 'ਤੇ ਦਰਸਾਉਂਦੇ ਨਜ਼ਰ ਆਉਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਕਸ ਆਫਿਸ 'ਤੇ ਅਕਸ਼ੈ ਕੁਮਾਰ ਦੀ 'ਗੋਲਡ' ਦਾ ਸਾਹਮਣਾ ਜਾਨ ਅਬ੍ਰਾਹਿਮ ਦੀ 'ਸਤਯਮੇਵ ਜਯਤੇ' ਨਾਲ ਹੋਣ ਵਾਲਾ ਹੈ। 'ਸਤਯਮੇਵ ਜਯਤੇ' ਵੀ 15 ਅਗਸਤ ਨੂੰ ਹੀ ਰਿਲੀਜ਼ ਹੋ ਰਹੀ ਹੈ।