ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਕਡਾਊਨ ਹੈ। ਅਜਿਹੇ 'ਚ ਆਮ ਤੋਂ ਲੈ ਕੇ ਖ਼ਾਸ ਲੋਕ ਆਪਣੇ ਘਰਾਂ 'ਚ ਬੰਦ ਹਨ। ਇਸ ਦੌਰਾਨ ਲੋਕਾਂ ਨੂੰ ਆਪਣੇ-ਆਪ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਬਾਲੀਵੁੱਡ ਸਿਤਾਰੇ ਵੀ ਐਕਟਿੰਗ ਤੋਂ ਹਟ ਕੇ ਕਵਿਤਾ ਅਤੇ ਗੀਤਾਂ ਆਦਿ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅਲੀ ਫ਼ਜ਼ਲ ਉਨ੍ਹਾਂ ਲੋਕਾਂ 'ਚੋਂ ਇਕ ਹੈ, ਜਿਨ੍ਹਾਂ ਨੇ ਇਨ੍ਹੀਂ ਦਿਨਾਂ ਦੌਰਾਨ ਘਰ 'ਚ ਰਹਿ ਕੇ ਆਪਣੇ ਅੰਦਰਲੇ ਲੇਖਕ ਨੂੰ ਜਗਾਇਆ ਹੈ। ਖਾਸ ਗੱਲ ਇਹ ਹੈ ਕਿ ਉਹ ਕੋਈ ਨਾਵਲ ਨਹੀਂ ਲਿਖ ਰਹੇ ਹਨ, ਸਗੋਂ ਫਿਲਮ ਦੀ ਸਕਰਿਪਟ ਲਿਖ ਰਹੇ ਹਨ। ਅਲੀ ਫ਼ਜ਼ਲ ਮਾਰਚ 'ਚ ਆਪਣੀ ਅੰਤਰਰਾਸ਼ਟਰੀ ਫਿਲਮ 'ਡੇਥ ਆਨ ਦਿ ਨਾਇਲ' ਦੀ ਸ਼ੂਟਿੰਗ ਲੰਡਨ ਤੋਂ ਖਤਮ ਕਰਕੇ ਚਾਰ ਮਹੀਨੇ ਬਾਅਦ ਭਾਰਤ ਵਾਪਸ ਆਏ ਸੀ। ਉਦੋਂ ਤੋਂ ਉਹ ਆਪਣੇ ਘਰ ਹੀ ਹਨ। ਪਿਛਲੇ ਕੁਝ ਦਿਨਾਂ ਤੋਂ ਅਲੀ ਆਪਣੀ ਸਕਰਿਪਟ 'ਤੇ ਕੰਮ ਕਰ ਰਹੇ ਹਨ। ਇਹ ਕਾਲਪਨਿਕ ਕਹਾਣੀ ਹੈ। ਲੇਖਨ ਦੇ ਨਿਯਮਾਂ ਦਾ ਪਾਲਣ ਸਹੀ ਤਰੀਕੇ ਨਾਲ ਕਰਨ ਲਈ ਅਲੀ ਨੇ ਸਕਰੀਨਿੰਗ ਨਾਲ ਜੁੜੀਆਂ ਕਈ ਕਿਤਾਬਾਂ ਵੀ ਪੜ੍ਹੀਆਂ ਹਨ। ਅਲੀ ਦਾ ਕਹਿਣਾ ਹੈ ਕਿ ਲੇਖਨ ਦਾ ਕੰਮ ਉਨ੍ਹਾਂ ਲਈ ਇਕ ਤਾਜ਼ਗੀ ਭਰਿਆ ਅਨੁਭਵ ਸੀ। ਆਪਣੀ ਇਸ ਨਵੀਂ ਕਲਾ ਨੂੰ ਲੈ ਕੇ ਅਲੀ ਫ਼ਜ਼ਲ ਕਹਿੰਦੇ ਹਨ, 'ਮੇਰੇ ਕੋਲ ਇਕ ਬੇਸਿਕ ਆਈਡੀਆ ਸੀ, ਜਿਸ 'ਤੇ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਕਹਾਣੀ ਜ਼ਿੰਦਗੀ ਨਾਲ ਜੁੜੀ ਹੈ, ਜੋ ਜ਼ਿੰਦਗੀ ਦੀ ਅਹਿਮੀਅਤ ਸਮਝਾਉਣ ਅਤੇ ਉਸ ਦਾ ਜਸ਼ਨ ਮਨਾਉਣ ਨੂੰ ਲੈ ਕੇ ਹੋਵੇਗੀ। ਇਸ ਸਮੇਂ ਜ਼ਿੰਦਗੀ ਨੂੰ ਇਕ ਨਵੇਂ ਨਜ਼ਰੀਏ ਅਤੇ ਉਮੀਦ ਨਾਲ ਦੇਖਣ ਦੀ ਜ਼ਰੂਰਤ ਹੈ। ਕੋਸ਼ਿਸ਼ ਹੈ ਕਿ ਮੈਂ ਇਸ ਫਿਲਮ 'ਚ ਉਹ ਨਜ਼ਰੀਆ ਦਿਖਾ ਪਾਵਾਂ।