ਮੁੰਬਈ (ਬਿਊਰੋ)— ਅਭਿਨੇਤਰੀ ਸ਼੍ਰੀਦੇਵੀ ਦੀ ਮੌਤ 'ਤੇ ਆਈ ਪੋਸਟਮਾਰਟਮ ਰਿਪੋਰਟ 'ਤੇ ਸਵਾਲ ਕਰਦੇ ਹੋਏ ਸਾਬਕਾ ਨੇਤਾ ਅਮਰ ਸਿੰਘ ਨੇ ਕਿਹਾ ਕਿ ਸ਼੍ਰੀਦੇਵੀ ਹਾਰਡ ਡ੍ਰਿਕ (ਸ਼ਰਾਬ) ਨਹੀਂ ਲੈਂਦੀ ਸੀ। ਅਮਰ ਸਿੰਘ ਨੇ ਇਹ ਗੱਲ ਦੁਬਈ ਪੁਲਸ ਦੀ ਫੋਰੈਂਸਿਕ ਰਿਪੋਰਟ ਦੇ ਉਸ ਦਾਅਵੇ 'ਤੇ ਆਖੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਸ਼੍ਰੀਦੇਵੀ ਦੀ ਮੌਤ ਨਸ਼ੇ ਦੀ ਹਾਲਤ 'ਚ ਬਾਥਟੱਬ 'ਚ ਡਿਗਣ ਨਾਲ ਹੋਈ ਹੈ। ਅਮਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ, ''ਸ਼੍ਰੀਦੇਵੀ ਹਾਰਡ ਡ੍ਰਿਕ ਨਹੀਂ ਲੈਂਦੀ ਸੀ, ਉਹ ਕਦੇ-ਕਦੇ ਮੇਰੇ ਅਤੇ ਆਮ ਜੀਵਣ ਜਿਉਣ ਵਾਲੇ ਹੋਰ ਲੋਕਾਂ ਦੀ ਤਰ੍ਹਾਂ ਵਾਈਨ ਲੈ ਲੈਂਦੀ ਸੀ''।
ਅਮਰ ਸਿੰਘ ਨੇ ਇਸ ਮਾਮਲੇ 'ਚ ਅੱਬੂ ਧਾਬੀ ਦੇ ਸ਼ੇਖ ਅਲ ਨਹਾਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਮੁਤਾਬਕ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਅੱਜ ਦੇਰ ਰਾਤ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਜਾਵੇਗੀ।
ਦੱਸਣਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਦੁਬਈ ਦੇ ਇਕ ਹੋਟਲ 'ਚ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। ਦਰਸਅਲ, ਉਹ ਇਕ ਪਰਿਵਾਰਕ ਵਿਆਹ 'ਚ ਸ਼ਾਮਿਲ ਹੋਣ ਦੁਬਈ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖੁਸ਼ੀ ਕਪੂਰ ਨਾਲ ਸੀ।