ਜਲੰਧਰ (ਕਮਲੇਸ਼)- ਜਲੰਧਰ ਵਿਚ ਲਿਨਨ ਕਲੱਬ ਦਾ ਉਦਘਾਟਨ ਕਰਨ ਪਹੁੰਚੀ ਅਭਿਨੇਤਰੀ ਅਮਿਸ਼ਾ ਪਟੇਲ ਨੇ ਇਕ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਹ ਜੇਕਰ ਵਿਆਹ ਕਰੇਗੀ ਤਾਂ ਪੰਜਾਬੀ ਲੜਕਾ ਉਸ ਦੀ ਪਹਿਲੀ ਪਸੰਦ ਹੋਵੇਗਾ। ਉਸ ਨੇ ਕਿਹਾ ਕਿ ਪੰਜਾਬ ਦਾ ਕਲਚਰ ਸਭ ਨੂੰ ਪਸੰਦੀਦਾ ਹੈ।
ਦੇਸ਼ ਵਿਦੇਸ਼ ਵਿਚ ਇਹ ਸਾਰਿਆਂ ਨੂੰ ਪਸੰਦ ਆਉਂਦਾ ਹੈ। ਇਹ ਹੀ ਨਹੀਂ, ਪੰਜਾਬ ਦਾ ਕਲਚਰ ਪਰਦੇ 'ਤੇ ਵੀ ਲੋਕਾਂ ਨੂੰ ਕਾਫੀ ਰੋਮਾਂਚਿਤ ਕਰਦਾ ਹੈ। ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਮਿਲਣਸਾਰ ਹੁੰਦੇ ਹਨ।
ਪਾਲੀਵੁੱਡ ਵਿਚ ਕੰਮ ਕਰਨ ਦੇ ਸਵਾਲ 'ਤੇ ਅਮਿਸ਼ਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਹੀ ਪਾਲੀਵੁੱਡ ਮੂਵੀ ਵਿਚ ਕੰਮ ਕਰੇਗੀ। ਉਸ ਨੇ ਦੱਸਿਆ ਕਿ ਹਾਲ ਹੀ ਵਿਚ ਆਉਣ ਵਾਲੀ ਮੂਵੀ 'ਦੇਸੀ ਮੈਜਿਕ' ਜਿਸ ਨੂੰ ਉਸ ਨੇ ਪ੍ਰੋਡਿਊਸ ਕੀਤਾ ਹੈ, ਵਿਚ ਜ਼ਿਆਦਾਤਰ ਕਲਾਕਾਰ ਪੰਜਾਬ ਤੋਂ ਲਏ ਗਏ ਹਨ ਅਤੇ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿਚ ਹੋਈ ਹੈ।
ਅਭਿਨੇਤਰੀ ਨੇ ਕਿਹਾ ਕਿ ਉਹ ਭੱਵਿਖ ਵਿਚ ਨੈਗੇਟਿਵ ਰੋਲ ਵੀ ਕਰਨਾ ਚਾਹੇਗੀ ਤਾਂ ਕਿ ਉਸ ਨੂੰ ਕੁਝ ਨਵਾਂ ਕਰਨ ਦਾ ਮੌਕਾ ਮਿਲੇ।