FacebookTwitterg+Mail

ਕਰੋੜਾਂ ਦੀ ਧੋਖਾਧੜੀ ਕਰਨ ਤੋਂ ਬਾਅਦ ਵੀ ਕੋਰਟ 'ਚ ਪੇਸ਼ ਨਾ ਹੋਈ ਅਮੀਸ਼ਾ

ameesha patel ranchi court summon fraud case
09 July, 2019 01:25:18 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਮੀਸ਼ਾ ਪਟੇਲ ਧੋਖਾਧੜੀ ਦੇ ਮਾਮਲੇ 'ਚ ਘਿਰਦੀ ਨਜ਼ਰ ਆ ਰਹੀ ਹੈ। ਰਾਂਚੀ ਦੇ ਫਿਲ‍ਮ ਨਿਰਮਾਤਾ ਅਜੇ ਸਿੰਘ ਨੇ ਅਮੀਸ਼ਾ ਪਟੇਲ 'ਤੇ ਹਾਲ ਹੀ 'ਚ ਢਾਈ ਕਰੋੜ ਦੀ ਠੱਗੀ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਰਾਂਚੀ ਦੀ ਅਦਾਲਤ ਨੇ ਉਨ੍ਹਾਂ ਨੂੰ ਕੋਰਟ 'ਚ ਹਾਜ਼ਰ ਹੋਣ ਲਈ ਸੰਮਨ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਪਰ ਅਦਾਕਾਰਾ ਅਮੀਸ਼ਾ ਪਟੇਲ ਕੋਰਟ 'ਚ ਪੇਸ਼ ਨਹੀਂ ਹੋਈ, ਜਿਸ ਨੂੰ ਦੇਖਦੇ ਹੋਏ ਕੁਮਾਰ ਵਿਪੁਲ ਦੀ ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਦੀ 16 ਸਤੰਬਰ ਤੈਅ ਕੀਤੀ ਹੈ। 2.5 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ 'ਚ ਰਾਂਚੀ ਕੋਰਟ 'ਚ ਪੇਸ਼ੀ ਲਈ ਉਨ੍ਹਾਂ ਨੇ ਵਕੀਲ ਰਾਹੀਂ ਜਾਂ ਖੁਦ ਮੌਜੂਦ ਹੋ ਕੇ ਪੱਖ ਰੱਖਣ ਨੂੰ ਕਿਹਾ ਹੈ। ਰਾਂਚੀ ਦੀ ਅਦਾਲਤ 'ਚ ਅਮੀਸ਼ਾ ਪਟੇਲ ਦੇ ਵਕੀਲ ਨੇ ਉਨ੍ਹਾਂ ਵਲੋਂ ਦਲੀਲਾਂ ਦਿੱਤੀਆਂ। 
ਦੱਸ ਦੇਈਏ ਕਿ ਫਿਲਮ ਨਿਰਮਾਤਾ ਅਜੇ ਸਿੰਘ ਨੇ ਅਮੀਸ਼ਾ ਪਟੇਲ ਖਿਲਾਫ ਫਿਲਮ ਦੇ ਨਾਮ 'ਤੇ ਠੱਗੀ ਕਰਨ ਦਾ ਮਾਮਲਾ ਦਰਜ ਕਰਾਇਆ ਹੈ। ਫਿਲਮ 'ਚ ਕੰਮ ਕਰਨ ਦੇ ਬਦਲੇ 'ਚ ਅਮੀਸ਼ਾ ਪਟੇਲ ਨੇ ਉਨ੍ਹਾਂ ਕੋਲੋਂ 2.5 ਕਰੋੜ ਰੁਪਏ ਲਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 3 ਕਰੋੜ ਰੁਪਏ ਦਾ ਇਕ ਚੈੱਕ ਵਾਪਸ ਕੀਤਾ ਸੀ ਜੋ ਬਾਊਂਸ ਹੋ ਗਿਆ। ਹੁਣ ਅਮੀਸ਼ਾ ਪੈਸੇ ਦੇਣ ਤੋਂ ਇਨ‍ਕਾਰ ਕਰ ਰਹੀ ਹੈ।
ਫਿਲਮ ਨਿਰਮਾਤਾ ਨੇ ਕਿਹਾ ਕਿ 17 ਜੂਨ ਨੂੰ ਉਸ ਨੇ ਅਦਾਲਤ 'ਚ ਚੈੱਕ ਬਾਊਂਸ ਮਾਮਲੇ 'ਚ ਅਮੀਸ਼ਾ ਖਿਲਾਫ ਵਾਰੰਟ ਜਾਰੀ ਕਰਨ ਦੀ ਗੁਹਾਰ ਲਗਾਈ ਸੀ ਪਰ ਕੋਰਟ ਨੇ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਪੁਲਸ ਵੱਲੋਂ ਸੰਮਨ ਜਾਰੀ ਕਰਨ ਦੀ ਸਲਾਹ ਦਿੱਤੀ। ਅਜੇ ਨੇ ਕਿਹਾ ਕਿ ਕੋਰਟ ਨੇ ਅਦਾਕਾਰਾ ਨੂੰ ਪੇਸ਼ ਹੋਣ ਲਈ ਕਿਹਾ ਹੈ। ਜੇਕਰ ਉਹ ਕੋਰਟ 'ਚ ਉਸ ਤਾਰੀਕ ਨੂੰ ਮੌਜੂਦ ਨਹੀਂ ਹੁੰਦੀ ਹੈ ਤਾਂ ਉਸ ਦੇ ਖਿਲਾਫ ਵਾਰੰਟ ਜਾਰੀ ਕੀਤਾ ਜਾਵੇਗਾ। ਅਜੇ ਨੇ ਦੱਸਿਆ ਕਿ ਅਮੀਸ਼ਾ ਨੇ ਇਹ ਰੁਪਏ ਪਿਛਲੇ ਸਾਲ ਆਪਣੀ ਫਿਲਮ 'ਦੇਸੀ ਮੈਜਿਕ' ਦੀ ਰਿਲੀਜ਼ ਲਈ ਲਏ ਸਨ। ਫਿਲਮ ਨਿਰਮਾਤਾ ਅਨੁਸਾਰ 2017 'ਚ ਅਦਾਕਾਰਾ ਨਾਲ ਮੁਲਾਕਾਤ ਦੌਰਾਨ ਫਿਲਮ ਬਾਰੇ ਗੱਲ ਹੋਈ ਸੀ। ਉਸ ਸਮੇਂ ਫਿਲਮ ਬਣ ਹੀ ਰਹੀ ਸੀ ਅਤੇ ਉਸ ਦੇ ਕਈ ਮਹੱਤਵਪੂਰਣ ਹਿੱਸਿਆਂ ਦੀ ਸ਼ੂਟਿੰਗ ਵੀ ਹੋ ਚੁੱਕੀ ਸੀ। ਹਾਲਾਂਕਿ, ਪੈਸਿਆਂ ਦੀ ਕਮੀ ਕਾਰਨ ਫਿਲਮ ਵਿਚਕਾਰ ਹੀ ਰੁੱਕ ਗਈ। ਇਸ ਲਈ ਉਸ ਨੇ 2.5 ਕਰੋੜ ਰੁਪਏ ਫਿਲਮ 'ਚ ਨਿਵੇਸ਼ ਕੀਤੇ। 
ਅਜੇ ਨੇ ਕਿਹਾ ਕਿ ਸ਼ੁਰੂਆਤ 'ਚ ਮੈਨੂੰ ਕਿਹਾ ਗਿਆ ਕਿ ਫਿਲਮ ਇਸ ਸਾਲ ਜੂਨ 'ਚ ਰਿਲੀਜ਼ ਹੋਵੇਗੀ। ਬਾਅਦ 'ਚ ਕਿਹਾ ਗਿਆ ਕਿ ਫਿਲਮ ਸਤੰਬਰ 'ਚ ਰਿਲੀਜ਼ ਹੋਵੇਗੀ ਅਤੇ ਮੇਰੇ ਪੈਸੇ ਵਿਆਜ ਸਮੇਤ ਸੰਤਬਰ ਤੱਕ ਮਿਲ ਜਾਣਗੇ। ਹਾਲਾਂਕਿ ਇਸ ਵਿਚਕਾਰ ਮੈਨੂੰ ਤਿੰਨ ਕਰੋੜ ਰੁਪਏ ਦਾ ਇਕ ਚੈੱਕ ਦਿੱਤਾ ਗਿਆ ਪਰ ਇਹ ਬਾਊਂਸ ਹੋ ਗਿਆ। ਇਸ ਤੋਂ ਬਾਅਦ ਜਦੋਂ ਮੈਂ ਅਦਾਕਾਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਪੂਰਾ ਸੁਭਾਅ ਬਦਲਿਆ ਨਜ਼ਰ ਆਇਆ। ਉਨ੍ਹਾਂ ਨੇ ਮੈਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਅਤੇ ਮੈਨੂੰ ਛੋਟਾ ਨਿਵੇਸ਼ਕ ਤੱਕ ਕਿਹਾ।


Tags: Ameesha PatelRanchi CourtSummonFraud Case Ajay Singh

About The Author

manju bala

manju bala is content editor at Punjab Kesari