ਮੁੰਬਈ(ਬਿਊਰੋ)— ਛੋਟੇ ਪਰਦੇ ਦੇ ਮਸ਼ਹੂਰ ਸ਼ੋਅ 'ਕੁਛ ਰੰਗ ਪਿਆਰ ਕੇ ਐਸੇ ਭੀ' ਦੀ ਸੀਨੀਅਰ ਅਦਾਕਾਰਾ ਅਮਿਤਾ ਉਦਗਾਤਾ ਦਾ ਦਿਹਾਂਤ ਹੋ ਗਿਆ ਹੈ। ਅਮਿਤਾ ਇਸ ਸ਼ੋਅ 'ਚ 'ਭੂਆ' ਦਾ ਕਿਰਦਾਰ ਨਿਭਾਉਂਦੀ ਸੀ। ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰਾ ਬੀਮਾਰੀ ਦੀ ਵਜ੍ਹਾ ਕਾਰਨ ਲੰਬੇ ਸਮੇਂ ਤੋਂ ਹਸਪਤਾਲ 'ਚ ਦਾਖਲ ਸੀ। ਹਸਪਤਾਲ 'ਚ ਇਲਾਜ ਦੌਰਾਨ ਅਦਾਕਾਰਾ ਨੂੰ ਲਾਈਫ ਸੁਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ ਪਰ ਅਚਾਨਕ ਫੇਫੜਿਆਂ ਦੇ ਫੇਲ ਹੋ ਜਾਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਜਾਣਕਾਰੀ ਮੁਤਾਬਕ ਅਮਿਤਾ ਜ਼ੀ-ਟੀ. ਵੀ. ਦੇ ਕਈ ਲੋਕਪ੍ਰਿਯ ਸ਼ੋਅ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਨੂੰ ਸਭ ਤੋਂ ਵੱਧ ਲੋਕਪ੍ਰਿਯਤਾ 'ਮਨ ਕੀ ਆਵਾਜ਼ ਪ੍ਰਤਿੱਗਿਆ' 'ਚ 'ਦਾਦੀ' ਦੇ ਕਿਰਦਾਰ ਨਾਲ ਮਿਲੀ ਸੀ। ਇਸ ਤੋਂ ਇਲਾਵਾ ਉਹ 'ਡੋਲੀ ਅਰਮਾਨੋਂ ਕੀ', 'ਬਾਜ਼ੀਗਰ' 'ਚ ਮੁੱਖ ਭੂਮਿਕਾ ਨਿਭਾਅ ਚੁੱਕੀ ਹੈ।
ਥੀਏਟਰ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1965-66 ਵਿਚਕਾਰ ਥੀਏਟਰ ਨਾਲ ਕੀਤੀ ਸੀ। 'ਪ੍ਰਤਿੱਗਿਆ' ਤੋਂ ਬਾਅਦ 'ਕੁਛ ਰੰਗ ਪਿਆਰ ਕੇ ਐਸੇ ਭੀ' 'ਚ ਵੀ ਗ੍ਰੇ-ਸ਼ੇਡ ਭੂਮਿਕਾ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।