ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਖਵਾਉਣ ਵਾਲੇ ਅਮਿਤਾਭ ਬੱਚਨ ਨੂੰ ਅੱਜ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਪੂਰੇ 50 ਸਾਲ ਹੋ ਗਏ ਹਨ। ਬਾਲੀਵੁੱਡ 'ਚ ਹਾਫ ਸੈਂਚੁਰੀ ਪੂਰੀ ਕਰਨ ਤੋਂ ਬਾਅਦ ਅੱਜ ਤੱਕ ਅਮਿਤਾਭ ਬੱਚਨ ਦਾ ਚਾਰਮ ਬਰਕਰਾਰ ਹੈ। ਅੱਜ ਵੀ ਉਹ ਵੱਡੇ ਪਰਦੇ 'ਤੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਅੱਗੇ ਵੱਡੇ ਤੋਂ ਵੱਡਾ ਸਟਾਰ ਫਿੱਕਾ ਪੈ ਜਾਂਦਾ ਹੈ। ਪਹਿਲੀ ਫਿਲਮ ਨਾਲ ਅਮਿਤਾਭ ਬੱਚਨ ਨੇ ਇਹ ਸਾਬਿਤ ਕੀਤਾ ਸੀ ਕਿ ਉਹ ਇੰਡਸਟਰੀ 'ਚ ਲੰਬੀ ਪਾਰੀ ਖੇਡਣਗੇ। ਹਾਲਾਂਕਿ, ਪਹਿਲੀ ਫਿਲਮ ਮਿਲਣਨਾ ਉਨ੍ਹਾਂ ਲਈ ਸੋਖਾ ਨਹੀਂ ਸੀ।

ਇੰਝ ਮਿਲੀ ਪਹਿਲੀ ਫਿਲਮ
ਦਰਅਸਲ, ਇਹ ਅਮਿਤਾਭ ਬੱਚਨ ਸੰਘਰਸ਼ ਦਾ ਦੌਰ ਸੀ। ਉਹ ਹਰ ਜਗ੍ਹਾ ਕਦੇ ਆਪਣੀ ਲੰਬਾਈ ਕਾਰਨ ਤੇ ਕਦੇ ਲੁੱਕਸ ਕਾਰਨ ਰਿਜੈਕਟ ਹੋ ਰਹੇ ਸਨ ਪਰ ਇਸੇ ਦੌਰਾਨ ਅਮਿਤਾਭ ਬੱਚਨ ਦੇ ਭਰਾ ਅਜਿਤਾਭ ਬੱਚਨ ਨੂੰ ਉਨ੍ਹਾਂ 'ਤੇ ਕਾਫੀ ਭਰੋਸਾ ਸੀ। ਦੱਸਿਆ ਜਾਂਦਾ ਹੈ ਕਿ ਉਹ ਅਕਸਰ ਹੀ ਅਮਿਤਾਭ ਬੱਚਨ ਦੀ ਵੱਖ-ਵੱਖ ਮੁਦਰਾ 'ਚ ਤਸਵੀਰਾਂ ਕਲਿੱਕ ਕਰਦੇ ਸਨ। ਇਕ ਦਿਨ ਟਰੇਨ 'ਚ ਸਫਰ ਕਰਦੇ ਸਮੇਂ ਅਜਿਤਾਭ ਦੀ ਮੁਲਾਕਾਤ ਇਕ ਮਿੱਤਰ ਨਾਲ ਹੋਈ, ਜਿਸ ਨੇ ਦੱਸਿਆ ਕਿ ਖਵਾਜਾ ਅਹਿਮਦ ਅੱਬਾਸ ਆਪਣੀ ਨਵੀਂ ਫਿਲਮ 'ਸਾਤ ਹਿੰਦੁਸਤਾਨੀ' ਲਈ ਨਵਾਂ ਚਿਹਰਾ ਲੱਭ ਰਹੇ ਹਨ। ਬਸ ਫਿਰ ਕੀ ਅਜਿਤਾਭ ਨੇ ਉਸ ਮਿੱਤਰ ਦੇ ਰਾਹੀਂ ਭਰਾ ਅਮਿਤਾਭ ਦੀਆਂ ਤਸਵੀਰਾਂ ਭੇਜੀਆਂ।

ਪਹਿਲੀ ਤਨਖਾਹ
ਦੱਸ ਦਈਏ ਕਿ ਫਿਲਮ 'ਸਾਤ ਹਿੰਦੁਸਤਾਨੀ' 'ਚ ਅਮਿਤਾਭ ਬੱਚਨ ਨੂੰ ਬਿਹਾਰ ਦੇ ਮੁਸਲਿਮ ਉਰਦੂ ਸ਼ਾਇਰ ਅਨਵਰ ਅਲੀ ਦੀ ਭੂਮਿਕਾ ਮਿਲੀ। ਜਦੋਂ ਅਮਿਤਾਭ ਦੀ ਸਿਲੈਕਸ਼ਨ ਹੋਈ ਉਦੋਂ ਖਵਾਜਾ ਅਹਿਮਦ ਅੱਬਾਸ ਇਹ ਨਹੀਂ ਜਾਣਦੇ ਸਨ ਕਿ ਉਹ ਹਰਿਵੰਸ਼ ਰਾਏ ਬੱਚਨ ਦੇ ਬੇਟੇ ਹਨ। ਅਮਿਤਾਭ ਨੂੰ ਆਪਣੀ ਪਹਿਲੀ ਫਿਲਮ ਲਈ ਤਨਖਾਹ ਦੇ ਤੌਰ 'ਤੇ 5 ਹਜ਼ਾਰ ਰੁਪਏ ਮਿਲੇ ਸਨ। ਇਸ ਫਿਲਮ 'ਚ ਅਮਿਤਾਭ ਦੀ ਖੂਬ ਤਾਰੀਫ ਹੋਈ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਕਰ ਸਕੀ।

ਟੀ. ਵੀ. ਦੇ ਸਭ ਤੋਂ ਪਸੰਦੀਦਾ ਹੋਸਟ
ਇਸ ਤੋਂ ਬਾਅਦ ਸਾਲ 1971 'ਚ ਆਈ ਅਮਿਤਾਭ ਬੱਚਨ ਦੀ ਫਿਲਮ 'ਆਨੰਦ' ਨੇ ਉਨ੍ਹਾਂ ਨੂੰ ਕਾਫੀ ਸ਼ੌਹਰਤ ਦਿਵਾਈ। ਇਸੇ ਫਿਲਮ ਲਈ ਅਮਿਤਾਭ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਫਿਲਮਫੇਅਰ ਐਵਾਰਡ ਮਿਲਿਆ। ਫਿਰ ਤਾਂ ਜਿਵੇਂ ਅਮਿਤਾਭ ਬੱਚਨ ਰੁਕੇ ਹੀ ਨਹੀਂ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਹਿੱਟ, ਸੁਪਰਹਿੱਟ ਤੇ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਹਾਲਾਂਕਿ ਉਨ੍ਹਾਂ ਦੇ ਕਰੀਅਰ 'ਚ ਖਰਾਬ ਦੌਰ ਵੀ ਆਇਆ, ਉਸ ਦੌਰ 'ਚ ਉਹ ਟੀ. ਵੀ. ਸ਼ੋਅ 'ਕੌਨ ਬਨੇਗਾ ਕਰੋੜਪਤੀ' ਦਾ ਸਹਾਰਾ ਲੈ ਕੇ ਇਕ ਵਾਰ ਮੁੜ ਉਠੇ ਤੇ ਸਭ ਤੋਂ ਮਸ਼ਹੂਰ ਹੋਸਟ ਬਣ ਗਏ।

ਰਾਜਨੀਤੀ 'ਚ ਵੀ ਖੂਬ ਕਮਾਇਆ ਨਾਂ
ਬਾਲੀਵੁੱਡ ਤੇ ਟੀ. ਵੀ. ਤੋਂ ਇਲਾਵਾ ਅਮਿਤਾਭ ਬੱਚਨ ਨੇ ਰਾਜਨੀਤੀ 'ਚ ਵੀ ਨਾਂ ਕਮਾਇਆ। ਸਾਲ 1984 'ਚ ਉਨ੍ਹਾਂ ਨੇ ਰਾਜਨੀਤੀ 'ਚ ਐਂਟਰੀ ਕੀਤੀ ਤੇ ਇਲਾਹਾਬਾਦ ਤੋਂ ਸੰਸਦ ਦੀਆਂ ਚੋਣਾਂ ਲੜੀਆਂ। ਹਾਲਾਂਕਿ ਅਮਿਤਾਭ ਬੱਚਨ ਨੂੰ ਰਾਜਨੀਤੀ ਰਾਸ ਨਾ ਆਈ। ਸਾਂਸਦ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ 3 ਸਾਲ ਤੱਕ ਕੰਮ ਕੀਤਾ ਤੇ ਫਿਰ ਅਸਤੀਫਾ ਦੇ ਦਿੱਤਾ।
