FacebookTwitterg+Mail

ਕੇਂਦਰ ਸਰਕਾਰ ਦਾ ਐਲਾਨ, ਅਮਿਤਾਭ ਬੱਚਨ ਨੂੰ ਮਿਲੇਗਾ 'ਦਾਦਾ ਸਾਹਿਬ ਫਾਲਕੇ ਪੁਰਸਕਾਰ'

amitabh bachchan gets dadasaheb phalke award
25 September, 2019 09:06:50 AM

ਨਵੀਂ ਦਿੱਲੀ (ਭਾਸ਼ਾ) – ਚੋਟੀ ਦੇ ਫਿਲਮ ਅਭਿਨੇਤਾ ਅਮਿਤਾਭ ਬੱਚਨ ਨੂੰ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਕਿਸੇ ਕਲਾਕਾਰ ਲਈ ਭਾਰਤੀ ਸਿਨੇਮਾ ਦਾ ਸਰਵਉੱਚ ਪੁਰਸਕਾਰ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਟਵਿਟਰ ’ਤੇ ਇਸ ਸਬੰਧੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 2 ਪੀੜ੍ਹੀਆਂ ਦਾ ਮਨੋਰੰਜਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਾਲੇ ਕਲਾਕਾਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਪੂਰਾ ਦੇਸ਼ ਅਤੇ ਕੌਮਾਂਤਰੀ ਭਾਈਚਾਰਾ ਇਸ ’ਤੇ ਖੁਸ਼ ਹੈ। 76 ਸਾਲਾ ਅਮਿਤਾਭ ਬੱਚਨ ਨੇ 1970 ਦੇ ਦਹਾਕੇ ਵਿਚ ‘ਜ਼ੰਜੀਰ’, ‘ਦੀਵਾਰ’ ਅਤੇ ‘ਸ਼ੋਅਲੇ’ ਵਰਗੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ।

 

ਦੱਸ ਦੇਈਏ ਅਮਿਤਾਭ ਬੱਚਨ ਨੂੰ ਪਹਿਲਾਂ ਵੀ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਸ 'ਚ 'ਪਦਮ ਵਿਭੂਸ਼ਣ' ਅਤੇ 'ਪਦਮ ਸ਼੍ਰੀ' ਸ਼ਾਮਲ ਹਨ। ਅਮਿਤਾਭ ਬੱਚਨ ਨੂੰ ਸਾਲ 1984 'ਚ ਪਦਮ ਸ਼੍ਰੀ, ਸਾਲ 2001 'ਚ ਪਦਮ ਭੂਸ਼ਣ ਅਤੇ 2015 'ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਲਗਪਗ 5 ਦਹਾਕਿਆਂ ਤੋਂ ਸਿਨੇਮਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਸਾਲ 1969 'ਚ ਫਿਲਮ ਉਦਯੋਗ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਵੱਡੇ ਪਰਦੇ 'ਤੇ 1971 'ਚ ਆਈ ਫਿਲਮ 'ਆਨੰਦ' ਤੋਂ ਪਛਾਣ ਮਿਲੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਰਾਜੇਸ਼ ਖੰਨਾ ਮਹੱਤਵਪੂਰਨ ਭੂਮਿਕਾ 'ਚ ਸਨ। ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਉੱਤਮ ਪ੍ਰਦਰਸ਼ਨ ਲਈ ਚਾਰ ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਸਾਲ 1990 'ਚ ਆਪਣੀ ਫਿਲਮ 'ਅਗਨੀਪਥ' ਲਈ ਪਹਿਲੀ ਵਾਰ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਇਸ ਤੋਂ ਬਾਅਦ ਸਾਲ 2005 'ਚ ਫਿਲਮ 'ਬਲੈਕ' ਲਈ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਸਾਲ 2009 'ਚ 'ਪਾ' ਤੇ ਸਾਲ 2015 'ਚ ਫਿਲਮ 'ਪੀਕੂ' ਲਈ ਵੀ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ।


Tags: Amitabh BachchanDadasaheb Phalke AwardInternational CommunitySocial Mediaਦਾਦਾ ਸਾਹਿਬ ਫਾਲਕੇ ਪੁਰਸਕਾਰਅਮਿਤਾਭ ਬੱਚਨ

Edited By

Sunita

Sunita is News Editor at Jagbani.