FacebookTwitterg+Mail

'ਸਾਬ੍ਹ ਬਹਾਦਰ' ਉਨ੍ਹਾਂ ਦੇਸ਼ਾਂ 'ਚ ਵੀ ਰਿਲੀਜ਼ ਹੋਵੇਗੀ, ਜਿੱਥੇ ਅੱਜ ਤੱਕ ਕੋਈ ਪੰਜਾਬੀ ਫ਼ਿਲਮ ਨਹੀਂ ਹੋਈ ਰਿਲੀਜ਼

ammy virk
12 May, 2017 08:45:38 AM
ਜਲੰਧਰ— ਪੰਜਾਬੀ ਸਿਨੇਮੇ ਦਾ ਪੱਧਰ ਉੱਚਾ ਚੁੱਕਣ 'ਚ 'ਵ੍ਹਾਈਟ ਹਿੱਲ ਸਟੂਡੀਓ' ਦਾ ਖਾਸ ਯੋਗਦਾਨ ਹੈ। ਇਸ ਸਟੂਡੀਓ ਵੱਲੋਂ ਬਣਾਈਆਂ ਸਾਰੀਆਂ ਫ਼ਿਲਮਾਂ ਨੇ ਰਿਕਾਰਡਤੋੜ ਸਫ਼ਲਤਾ ਹਾਸਲ ਕੀਤੀ ਹੈ। ਫ਼ਿਲਮਾਂ ਦੀ ਕਾਮਯਾਬੀ ਚੰਗੀ ਟੀਮ 'ਤੇ ਨਿਰਭਰ ਕਰਦੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਬੈਨਰ ਨਾਲ ਮੈਨੂੰ 'ਸਾਬ੍ਹ' ਬਹਾਦਰ' ਫ਼ਿਲਮ ਕਰਨ ਦਾ ਮੌਕਾ ਮਿਲਿਆ, ਜੋ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਮੇਰੀਆਂ ਹੁਣ ਤੱਕ ਰਿਲੀਜ਼ ਸਾਰੀਆਂ ਫ਼ਿਲਮਾਂ ਤੋਂ ਵੱਖਰੀ ਹੈ, ਜਿਸ 'ਚ ਥ੍ਰਿੱਲ ਵੀ ਹੈ ਕਾਮੇਡੀ ਵੀ। ਪੂਰੀ ਤਰ੍ਹਾਂ ਪਰਿਵਾਰਕ ਇਸ ਫ਼ਿਲਮ ਦਾ ਜਿਸ ਦਿਨ ਤੋਂ ਟ੍ਰੇਲਰ ਰਿਲੀਜ਼ ਹੋਇਆ ਹੈ, ਦਰਸ਼ਕਾਂ ਵੱਲੋਂ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਦਾਕਾਰ ਐਮੀ ਵਿਰਕ ਨੇ ਕੀਤਾ।
ਐਮੀ ਵਿਰਕ ਨੇ ਕਿਹਾ, 'ਜਿਸ ਤਰ੍ਹਾਂ ਦਰਸ਼ਕਾਂ ਨੇ ਮੇਰੀ ਫ਼ਿਲਮ 'ਨਿੱਕਾ ਜ਼ੈਲਦਾਰ' ਤੇ 'ਬੰਬੂਕਾਟ' ਨੂੰ ਪਸੰਦ ਕੀਤਾ, 'ਸਾਬ੍ਹ ਬਹਾਦਰ' ਨੂੰ ਵੀ ਉਸੇ ਤਰ੍ਹਾਂ ਪਸੰਦ ਕੀਤਾ ਜਾਵੇਗਾ। ਇਹ ਅਜਿਹੀ ਫ਼ਿਲਮ ਹੈ, ਜਿਸ ਵਰਗੀ ਫਿਲਮ ਅੱਜ ਤੱਕ ਨਹੀਂ ਬਣਾਈ ਗਈ। ਫ਼ਿਲਮ ਦੇ ਗਾਣੇ ਹਿੱਟ ਹਨ। ਫ਼ਿਲਮ ਦਾ ਟ੍ਰੇਲਰ ਖਿੱਚਪਾਊ ਹੈ। ਫ਼ਿਲਮ ਦਾ ਪ੍ਰਚਾਰ ਜ਼ਬਰਦਸਤ ਹੈ ਤੇ ਆਸ ਹੈ ਕਿ ਫ਼ਿਲਮ ਕੁਝ ਵੱਖਰਾ ਕਰ ਦਿਖਾਵੇਗੀ। ਇਸ ਫ਼ਿਲਮ 'ਚ ਜਸਵਿੰਦਰ ਭੱਲਾ ਤੇ ਰਾਣਾ ਰਣਬੀਰ ਨੇ ਵੀ ਕਮਾਲ ਦਾ ਕੰਮ ਕੀਤਾ ਹੈ। ਪ੍ਰੀਤ ਕਮਲ, ਸੀਮਾ ਕੌਸ਼ਲ ਤੇ ਹੌਬੀ ਧਾਲੀਵਾਲ ਸ਼ਾਮਲ ਹਨ। ਫ਼ਿਲਮ ਦੇ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਹਨ। ਕਹਾਣੀ ਜੱਸ ਗਰੇਵਾਲ ਦੀ ਲਿਖੀ ਹੋਈ ਹੈ। ਸੰਗੀਤ ਜਤਿੰਦਰ ਸ਼ਾਹ ਦਾ ਹੈ। ਸਕਰੀਨ ਪਲੇਅ ਜੱਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਪਲਹੇੜੀ ਦਾ ਹੈ।
ਫ਼ਿਲਮ ਦੇ ਦੋ ਹੋਰ ਅਦਾਕਾਰਾਂ ਜਸਵਿੰਦਰ ਭੱਲਾ ਤੇ ਰਾਣਾ ਰਣਬੀਰ ਦਾ ਕਹਿਣਾ ਹੈ ਕਿ 'ਸਾਬ੍ਹ ਬਹਾਦਰ' ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਨ ਵਾਲੀ ਫ਼ਿਲਮ ਹੈ। ਇਸ ਫਿਲਮ 'ਚ ਉਹ ਸਭ ਕੁੱਝ ਹੈ, ਜੋ ਦਰਸ਼ਕਾਂ ਨੂੰ ਪਸੰਦ ਆਉਣ ਵਾਲਾ ਹੈ। ਵੱਡੀ ਗੱਲ ਇਹ ਹੈ ਕਿ ਫ਼ਿਲਮ 'ਚ ਸਾਰੀ ਟੀਮ ਨੇ ਸਮਰਪਣ ਨਾਲ ਕੰਮ ਕੀਤਾ ਹੈ। ਜਦੋਂ 'ਵ੍ਹਾਈਟ ਹਿੱਲ ਸਟੂਡੀਓ' ਅਤੇ 'ਜ਼ੀ ਸਟੂਡੀਓ' ਨੇ ਮਿਲ ਕੇ ਫ਼ਿਲਮ ਦਾ ਨਿਰਮਾਣ ਕੀਤਾ ਹੋਵੇ, ਤਾਂ ਫ਼ਿਲਮ ਚੰਗੀ ਹੀ ਹੋਵੇਗੀ, ਇਸ ਦੀ ਆਸ ਸਭ ਨੂੰ ਹੋਣੀ ਕੁਦਰਤੀ ਹੈ। ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦਾ ਕਹਿਣਾ ਹੈ 'ਸਾਬ੍ਹ ਬਹਾਦਰ' ਉਨ੍ਹਾਂ ਦੇਸ਼ਾਂ 'ਚ ਵੀ ਰਿਲੀਜ਼ ਕੀਤੀ ਜਾ ਰਹੀ ਹੈ, ਜਿੱਥੇ ਅੱਜ ਤੱਕ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਹੀਂ ਹੋਈ।

Tags: Ammy VirkSaab BahadarJaswinder BhallaPreet KamalRana RanbirSeema Kaushalਸਾਬ੍ਹ ਬਹਾਦਰਐਮੀ ਵਿਰਕ