ਜਲੰਧਰ (ਬਿਊਰੋ) — ਵੀਰਵਾਰ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ 'ਚ ਨਿੰਦਿਆ ਹੋ ਰਹੀ ਹੈ। ਹਮਲੇ ਦੀ ਇਸ ਖਬਰ ਨੇ ਹਰ ਭਾਰਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਤੇ ਰਣਜੀਤ ਬਾਵਾ ਵੀ ਇਸ ਹਮਲੇ ਕਾਰਨ ਬੇਹੱਦ ਦੁਖੀ ਹਨ। ਐਮੀ ਵਿਰਕ ਤੇ ਰਣਜੀਤ ਬਾਵਾ ਨੇ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ (2.50 ਲੱਖ ਹਰੇਕ ਸ਼ਹੀਦ ਦੇ ਪਰਿਵਾਰ ਨੂੰ) ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਐਮੀ ਨੇ ਲਿਖਿਆ, 'ਜਿਹੜੇ ਸਾਡੇ ਵੀਰ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ 10 ਲੱਖ ਰੁਪਏ (2.50 ਲੱਖ ਹਰੇਕ ਪਰਿਵਾਰ ਨੂੰ) ਦੇਣ ਦਾ ਫੈਸਲਾ ਕੀਤਾ ਹੈ। ਮੈਂ ਉਨ੍ਹਾਂ ਦੇ ਪਰਿਵਾਰਾਂ ਦੇ ਪੁੱਤਰਾਂ ਦਾ ਘਾਟਾ ਤਾਂ ਪੂਰਾ ਨਹੀਂ ਕਰ ਸਕਦਾ ਪਰ ਜੋ ਮੈਂ ਆਪਣੇ ਵਲੋਂ ਕਰ ਸਕਦਾ ਹਾਂ ਮੈਂ ਉਹ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਵਲੋਂ ਮਦਦ ਕਰੋਗੇ। ਵਾਹਿਗੁਰੂ ਮਿਹਰ ਕਰੇ।'
ਦੱਸਣਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਕੁਲ 44 ਜਵਾਨ ਸ਼ਹੀਦ ਹੋਏ, ਜਿਨ੍ਹਾਂ 'ਚੋਂ 4 ਪੰਜਾਬ ਨਾਲ ਸਬੰਧ ਰੱਖਦੇ ਸਨ। ਇਨ੍ਹਾਂ 'ਚੋਂ ਮਨਿੰਦਰ ਸਿੰਘ, ਜੋ ਕਿ ਗੁਰਦਾਸਪੁਰ, ਕੁਲਵਿੰਦਰ ਸਿੰਘ ਆਨੰਦਰਪੁਰ ਸਾਹਿਬ, ਜੈਮਲ ਸਿੰਘ ਮੋਗਾ ਅਤੇ ਸੁਖਜਿੰਦਰ ਸਿੰਘ ਤਰਨਤਾਰਨ ਦੇ ਰਹਿਣ ਵਾਲੇ ਸਨ। ਇਸ ਅੱਤਵਾਦੀ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।