ਜਲੰਧਰ(ਬਿਊਰੋ)— ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਚਰਚਿਤ ਹੀਰੋ ਐਮੀ ਵਿਰਕ ਦੇ ਚਰਚੇ ਹੁਣ ਬਾਲੀਵੁੱਡ 'ਚ ਵੀ ਹੋਣ ਲੱਗੇ ਹਨ। ਉਹ ਜਲਦ ਹੀ ਦੋ ਹਿੰਦੀ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਗਾਇਕੀ ਦੇ ਵਾਂਗ ਹੀ ਫਿਲਮਾਂ ਦੀ ਵੀ ਪੂਰੀ ਸਮਝ ਰੱਖਣ ਵਾਲੇ ਐਮੀ ਵਿਰਕ ਹੁਣ ਦਿਲਜੀਤ ਦੁਸਾਂਝ ਤੇ ਗਿੱਪੀ ਗਰੇਵਾਲ ਤੋਂ ਬਾਅਦ ਉਹ ਕਲਾਕਾਰ ਹਨ, ਜਿਸ 'ਤੇ ਬਾਲੀਵੁੱਡ ਦੀ ਨਜ਼ਰ ਪਈ ਹੈ। ਅਮਰਿੰਦਰ ਪਾਲ ਸਿੰਘ ਵਿਰਕ ਤੋਂ ਐਮੀ ਵਿਰਕ ਬਣਿਆ ਐਮੀ ਜ਼ਿਲਾ ਪਟਿਆਲਾ ਦੇ ਕਸਬੇ ਨਾਭਾ ਨਾਲ ਸਬੰਧਤ ਹੈ। 26 ਸਾਲਾ ਇਹ ਗਾਇਕ ਤੇ ਅਦਾਕਾਰ ਪਟਿਆਲਾ ਦੇ ਇਕ ਕਾਲਜ 'ਚ ਇੰਜੀਨੀਅਰ ਬਣਨ ਆਇਆ ਸੀ ਪਰ ਉਸ ਦੀ ਗਾਇਕੀ ਦੇ ਸ਼ੌਕ ਨੇ ਉਸ ਨੂੰ ਪੰਜਾਬ ਦਾ ਨਾਮੀ ਗਾਇਕ ਤੇ ਅਦਾਕਾਰ ਬਣਾ ਦਿੱਤਾ। ਹਾਲ ਹੀ 'ਚ ਪੰਜਾਬੀ ਇੰਡਸਟਰੀ ਦੇ ਝੋਲੀ 'ਕਿਸਮਤ' ਵਰਗੀ ਸੁਪਰਹਿੱਟ ਫਿਲਮ ਪਾਉਣ ਵਾਲੇ ਐਮੀ ਦਾ ਪਹਿਲਾ ਗੀਤ ਯੂ-ਟਿਊਬ 'ਤੇ ਰਿਲੀਜ਼ ਹੋਇਆ ਸੀ। ਇਹ ਗੀਤ ਏਨਾ ਹਿੱਟ ਹੋਇਆ ਕਿ ਇਕ ਨਾਮਵਰ ਕੰਪੀ ਨੇ ਸਾਲ 2013 'ਚ ਉਸ ਦੀ ਪੂਰੀ ਐਲਬਮ ਹੀ ਰਿਲੀਜ਼ ਕਰ ਦਿੱਤੀ, ਜਿਸ ਤੋਂ ਬਾਅਦ ਉਹ ਤੇਜ਼ੀ ਦੇ ਨਾਲ-ਨਾਲ ਸਫਲਤਾ ਦੀ ਬੁਲੰਦੀ ਵੱਲ ਵਧਦਾ ਗਿਆ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਅੰਗਰੇਜ਼' 'ਚ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਉਸ ਨੂੰ ਪਹਿਲੀ ਵਾਰ ਪਰਦੇ 'ਤੇ ਲਿਆਂਦਾ। ਇਸ ਫਿਲਮ ਨਾਲ ਉਹ ਚਾਰੇ ਪਾਸੇ ਛਾ ਗਿਆ। ਪੰਜਾਬੀ ਫਿਲਮ 'ਬੰਬੂਕਾਟ' ਨਾਲ ਉਸ ਨੇ ਸਾਬਤ ਕਰ ਦਿੱਤਾ ਕਿ ਉਹ ਫਿਲਮਾਂ ਦੀ ਲੰਬੀ ਪਾਰੀ ਖੇਡੇਗਾ। 'ਨਿੱਕਾ ਜ਼ੈਲਦਾਰ 1' ਅਤੇ 'ਨਿੱਕਾ ਜ਼ੈਲਦਾਰ 2' ਤੋਂ ਬਾਅਦ ਉਹ ਪੰਜਾਬ ਸਿਨੇਮਾ ਦਾ ਨਾਮੀ ਸਟਾਰ ਬਣ ਗਿਆ। ਹੁਣ ਉਹ ਪੰਜਾਬੀ ਫਿਲਮ 'ਮੁਕਲਾਵਾ' 'ਚ ਨਜ਼ਰ ਆਵੇਗੀ। ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ਉਹ ਚੌਥੀ ਵਾਰ ਕੰਮ ਕਰ ਰਿਹਾ ਹੈ। ਇਹੀ ਨਹੀਂ ਇਸ ਫਿਲਮ 'ਚ ਉਸ ਦੀ ਅਤੇ ਸੋਨਮ ਬਾਜਵਾ ਦੀ ਹਿੱਟ ਜੋੜੀ ਨੂੰ ਵੀ ਤੀਜੀ ਵਾਰ ਪੇਸ਼ ਕੀਤਾ ਜਾ ਰਿਹਾ ਹੈ। ਨਾਮਵਰ ਲੇਖਕ ਰਾਜੂ ਵਰਮਾ ਦੀ ਲਿਖੀ ਇਸ ਫਿਲਮ ਦਾ ਟਰੇਲਰ ਦੱਸ ਰਿਹਾ ਹੈ ਕਿ ਇਸ ਫਿਲਮ ਨਾਲ ਵੀ ਐਮੀ ਵਿਰਕ ਧਮਾਲ ਕਰੇਗਾ। ਉਹ ਦੱਸਦਾ ਹੈ ਕਿ ਇਹ ਉਸ ਦੀ ਖੁਸ਼ਕਿਸਮਤੀ ਹੈ ਕਿ ਦਰਸ਼ਕ ਉਸ ਨੂੰ ਪਿਆਰ ਦੇ ਰਹੇ ਹਨ। ਉਸ ਨੇ ਕਦੇ ਵੀ ਕੈਮਰੇ ਮੂਹਰੇ ਐਕਟਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। 'ਮੁਕਲਾਵਾ' 'ਚ ਵੀ ਉਸ ਨੂੰ ਆਪਣਾ ਕਿਰਦਾਰ ਨਿਭਾਉਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਇਹ ਕਿਰਦਾਰ ਉਸ ਦੀਆਂ ਪਹਿਲੀਆਂ ਫਿਲਮਾਂ ਤੋਂ ਬਿਲਕੁੱਲ ਵੱਖਰਾ ਹੈ। ਇਹ ਫਿਲਮ ਅਜਿਹੀ ਹੈ ਜਿਸ 'ਚ ਇਕ ਪਤੀ ਆਪਣੀ ਪਤਨੀ ਦੀ ਮੁਹੱਬਤ ਨੂੰ ਹੀ ਤਰਸ ਰਿਹਾ ਹੈ। ਇਹ ਸਭ ਉਸ ਦੇ ਪ੍ਰਸ਼ੰਸਕਾਂ ਅਤੇ ਉਸ ਦੀ ਕਿਸਮਤ ਦਾ ਹੀ ਕਮਾਲ ਹੈ ਕਿ ਉਸ ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ਦੀਆਂ ਵੱਡੀਆਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਹ ਇਸੇ ਤਰ੍ਹਾਂ ਆਪਣੀ ਮਿਹਨਤ ਜਾਰੀ ਰੱਖੇਗਾ ਤਾਂ ਜੋ ਉਸ ਨੂੰ ਆਪਣੇ ਪ੍ਰਸ਼ੰਸਕਾਂ ਤੋਂ ਮਿਲਦਾ ਪਿਆਰ ਬਰਕਰਾਰ ਰਹੇ।