FacebookTwitterg+Mail

ਦੁਨੀਆ ਭਰ 'ਚ ਅੱਜ ਰਿਲੀਜ਼ ਹੋ ਰਹੀ ਹੈ ਪੰਜਾਬੀ ਫ਼ਿਲਮ 'ਲਹੌਰੀਏ'

amrinder gill
12 May, 2017 09:00:07 AM
ਜਲੰਧਰ— ਪੰਜਾਬੀ ਸਿਨੇਮੇ ਦੇ ਸੁਪਰਹਿੱਟ ਹੀਰੋ ਅਮਰਿੰਦਰ ਗਿੱਲ ਦੀ ਪਿਛਲੇ ਕਈ ਦਿਨਾਂ ਤੋਂ ਪ੍ਰਚਾਰੀ ਜਾ ਰਹੀ ਫ਼ਿਲਮ 'ਲਹੌਰੀਏ' 12 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਭਾਰਤ 'ਚ ਪੰਜਾਬ, ਹਰਿਆਣਾ, ਦਿੱਲੀ, ਮੁੰਬਈ ਅਤੇ ਹੋਰ ਸੂਬਿਆਂ 'ਚ ਫ਼ਿਲਮ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਹੋਰ ਦੇਸ਼ਾਂ 'ਚ ਵੀ ਫ਼ਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ ਜੋੜੀ ਦੀ ਇਹ ਤੀਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਹਾਂ ਦੀ ਜੋੜੀ 'ਅੰਗਰੇਜ਼' ਤੇ 'ਲਵ ਪੰਜਾਬ' 'ਚ ਬੇਹੱਦ ਪਸੰਦ ਕੀਤੀ ਗਈ ਸੀ।
ਅਮਰਿੰਦਰ ਗਿੱਲ ਦੀ 'ਲਹੌਰੀਏ' ਫ਼ਿਲਮ ਮੁਹੱਬਤ ਦੀ ਸਾਂਝ ਦਰਸਾਉਣ ਵਾਲੀ ਹੈ। ਕਿਸ ਤਰ੍ਹਾਂ ਪਿਆਰ ਦੇ ਰਾਹ 'ਚ ਸਰਹੱਦਾਂ ਅੜਚਣ ਪੈਦਾ ਕਰਦੀਆਂ ਹਨ ਅਤੇ ਜ਼ਿੰਦਗੀ ਕਿਵੇਂ ਕਰਵਟ ਲੈਂਦੀ ਹੈ, ਇਹ ਸਭ ਕੁਝ ਫ਼ਿਲਮ 'ਚ ਦਿਖਾਇਆ ਗਿਆ ਹੈ। ਫ਼ਿਲਮ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਆਪਸੀ ਸਾਂਝ ਵੀ ਬਿਆਨ ਕੀਤੀ ਗਈ ਹੈ। ਅਮਰਿੰਦਰ ਤੇ ਸਰਗੁਣ ਤੋਂ ਇਲਾਵਾ ਫ਼ਿਲਮ 'ਚ ਗੁੱਗੂ ਗਿੱਲ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰਾਜੀਵ ਠਾਕੁਰ, ਯੁਵਰਾਜ ਹੰਸ, ਨਿਮਰਤ ਖਹਿਰਾ ਤੇ ਹੋਰ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ।
ਫ਼ਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਦਾ ਬਤੌਰ ਲੇਖਕ ਪਹਿਲਾਂ ਹੀ ਚੋਖਾ ਨਾਂ ਹੈ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਨਿਰਮਾਤਾ ਕਾਰਜ ਗਿੱਲ ਤੇ ਅੰਬਰਦੀਪ ਹਨ। ਰਿਦਮ ਬੁਆਏਜ਼ ਐਂਟਰਟੇਨਮੈਂਟ ਅਤੇ ਅੰਬਰਦੀਪ ਪ੍ਰੋਡਕਸ਼ਨ ਦੀ ਇਸ ਫ਼ਿਲਮ ਨੂੰ ਦੁਨੀਆ ਭਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।
ਵੱਖ-ਵੱਖ ਮਲਟੀਪਲੈਕਸਾਂ 'ਚੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਫ਼ਿਲਮ ਲਈ ਐਡਵਾਂਸ ਬੁਕਿੰਗ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਵੱਡੀ ਗਿਣਤੀ ਨੌਜਵਾਨ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦੇ ਚਾਹਵਾਨ ਹਨ। ਜਲੰਧਰ ਦੇ ਕੁਝ ਮਲਟੀਪਲੈਕਸਾਂ ਵਿਚ ਜਾਣ 'ਤੇ ਪਤਾ ਲੱਗਾ ਕਿ ਅਮਰਿੰਦਰ ਗਿੱਲ ਦੀ ਖਿੱਚ ਦਰਸ਼ਕਾਂ ਵਿਚ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰਿੰਦਰ ਤੇ ਉਸ ਦੀ ਪੂਰੀ ਟੀਮ ਜਿਹੜੀ ਵੀ ਫ਼ਿਲਮ ਲੈ ਕੇ ਆਉਂਦੀ ਹੈ, ਉਹ ਯਾਦਗਾਰੀ ਹੋ ਨਿੱਬੜਦੀ ਹੈ।

Tags: Amrinder GillLahoriyeSargun Mehta Yuvraj Hans Nimrat Khaira Guggu Gill Sardar Sohiਅਮਰਿੰਦਰ ਗਿੱਲਲਹੌਰੀਏ