FacebookTwitterg+Mail

'ਲਹੌਰੀਏ' ਨੂੰ ਇੰਨਾ ਪਿਆਰ ਦੇਣ ਲਈ ਦੁਨੀਆ ਭਰ ਦੇ ਦਰਸ਼ਕਾਂ ਦਾ ਸ਼ੁਕਰੀਆ : ਅਮਰਿੰਦਰ ਗਿੱਲ

amrinder gill
20 May, 2017 09:00:42 AM
ਜਲੰਧਰ— ਪ੍ਰਸਿੱਧ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਹਾਲ ਹੀ 'ਚ ਆਈ ਪੰਜਾਬੀ ਫ਼ਿਲਮ 'ਲਹੌਰੀਏ' ਨੇ ਕਾਮਯਾਬੀ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ, ਜਿਨ੍ਹਾਂ ਵੱਲੋਂ ਦੁਨੀਆ ਭਰ 'ਚ ਵਸਦੇ ਪੰਜਾਬੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਜਿਹੜੀ ਸੋਚ ਲੈ ਕੇ ਫ਼ਿਲਮ ਦਾ ਨਿਰਮਾਣ ਕੀਤਾ ਸੀ, ਉਸ ਨੂੰ ਦਰਸ਼ਕਾਂ ਨੇ ਬੂਰ ਲਾਇਆ ਹੈ। ਜ਼ਿਕਰਯੋਗ ਹੈ ਕਿ 'ਲਹੌਰੀਏ' ਫ਼ਿਲਮ ਦੂਜੇ ਹਫ਼ਤੇ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਇਸ ਦਾ ਵੱਡਾ ਕਾਰਨ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਮਿੱਟੀ ਦੀ ਸਾਂਝ ਦੀ ਪੇਸ਼ਕਾਰੀ ਕਰਨਾ ਹੈ। ਫ਼ਿਲਮ ਮੁਹੱਬਤ, ਵਿਛੋੜੇ ਤੇ ਤਾਂਘ ਦੀ ਬਾਤ ਪਾਉਂਦੀ ਉਸ ਪੜਾਅ 'ਤੇ ਪਹੁੰਚ ਜਾਂਦੀ ਹੈ, ਜਿੱਥੇ ਮੱਲੋ-ਜ਼ੋਰੀ ਅੱਖਾਂ ਨਮ ਹੋ ਜਾਂਦੀਆਂ ਹਨ।
ਫ਼ਿਲਮ 'ਚ ਅਮਰਿੰਦਰ ਗਿੱਲ ਨੇ ਕਿੱਕਰ ਸਿੰਘ ਦੀ ਭੂਮਿਕਾ ਅਦਾ ਕੀਤੀ ਹੈ ਤੇ ਸਰਗੁਣ ਮਹਿਤਾ ਨੇ ਪਾਕਿਸਤਾਨੀ ਕੁੜੀ ਅਮੀਰਾ ਦੀ। ਦੋਵਾਂ ਦੀ ਪ੍ਰੇਮ ਕਹਾਣੀ ਸਰਹੱਦ 'ਤੇ ਖੇਤੀ ਕਰਦਿਆਂ ਸ਼ੁਰੂ ਹੁੰਦੀ ਹੈ ਤੇ ਅੰਤ ਸੁਖਦ ਹੁੰਦਾ ਹੈ। ਇਸ ਦੌਰਾਨ ਫ਼ਿਲਮ ਕਈ ਮੋੜਾਂ 'ਚੋਂ ਲੰਘਦੀ ਹੈ, ਜਿਥੋਂ ਬਜ਼ੁਰਗਾਂ ਦੀ ਆਪਣੇ ਵਤਨ ਦੀ ਮਿੱਟੀ ਲਈ ਤਾਂਘ ਝੰਜੋੜ ਸੁੱਟਦੀ ਹੈ। ਫ਼ਿਲਮ 'ਚ ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸਰਦਾਰ ਸੋਹੀ, ਅੰਬਰਦੀਪ ਤੇ ਰਾਜੀਵ ਠਾਕੁਰ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ। ਗੁਰਪ੍ਰੀਤ ਮਾਨ ਵੱਲੋਂ ਗਾਇਆ ਗੀਤ 'ਜੰਞਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ' ਫ਼ਿਲਮ ਦਾ ਹਾਸਲ ਹੋ ਨਿੱਬੜਦਾ ਹੈ। ਫ਼ਿਲਮ ਦੀ ਕਾਮਯਾਬੀ ਤੋਂ ਗਦਗਦ ਨਿਰਮਾਤਾ ਕਾਰਜ ਗਿੱਲ ਤੇ ਅੰਬਰਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਸਿਰਫ਼ ਮਨੋਰੰਜਨ ਵਾਲੀ ਹੀ ਫ਼ਿਲਮ ਨਹੀਂ ਸੀ, ਇਸ 'ਚ ਅਸੀਂ ਵਿਛੋੜੇ ਦੀ ਚੀਸ ਵੀ ਪੇਸ਼ ਕੀਤੀ, ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਅੱਜ ਵੀ ਇਧਰੋਂ-ਓਧਰ ਤੇ ਓਧਰੋਂ-ਇਧਰ ਆਉਣ ਦੇ ਚਾਹਵਾਨ ਹਨ।
ਅਮਰਿੰਦਰ ਗਿੱਲ ਦਾ ਕਹਿਣਾ ਹੈ ਕਿ 'ਰਿਦਮ ਬੁਆਇਜ਼ ਐਂਟਰਟੇਨਮੈਂਟ' ਵੱਲੋਂ ਜਿੰਨੀਆਂ ਵੀ ਫ਼ਿਲਮਾਂ ਅੱਜ ਤੱਕ ਕੀਤੀਆਂ ਗਈਆਂ ਹਨ, ਸਭ ਨੂੰ ਦਰਸ਼ਕਾਂ ਨੇ ਇੰਨੀ ਜ਼ਿਆਦਾ ਮੁਹੱਬਤ ਦਿੱਤੀ ਕਿ ਸਾਰੀ ਉਮਰ ਅਸੀਂ ਦਰਸ਼ਕਾਂ ਦਾ ਕਰਜ਼ ਨਹੀਂ ਲਾਹ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਭਾਰਤ ਦੇ ਹੋਰ ਸ਼ਹਿਰਾਂ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਦੇਸ਼ਾਂ 'ਚ ਫ਼ਿਲਮ ਦੇ ਸ਼ੋਅ ਹਾਊਸਫੁੱਲ ਕਰਨ ਵਾਲੇ ਦਰਸ਼ਕਾਂ ਦੇ ਅਸੀਂ ਦਿਲੋਂ ਸ਼ੁਕਰਗੁਜ਼ਾਰ ਹਾਂ।

Tags: Amrinder GillLahoriye Sargun Mehta Yuvraj Hans Nimrat Khaira Guggu Gill Sardar Sohiਅਮਰਿੰਦਰ ਗਿੱਲਲਹੌਰੀਏ