ਜਲੰਧਰ (ਬਿਊਰੋ) : ਗਾਇਕੀ ਤੇ ਅਦਾਕਾਰੀ ਦੇ ਸਦਕਾ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਉਤਬਾ ਰੱਖਣ ਵਾਲੇ ਗਾਇਕ ਤੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਅੱਜ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਪਿੰਡ ਬੂਰਚੰਡ, ਅੰਮ੍ਰਿਤਸਰ ਜ਼ਿਲੇ 'ਚ ਹੋਇਆ। ਉਨ੍ਹਾਂ ਨੇ ਆਪਣੀ ਪੜਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਹੈ।

ਗਾਇਕ ਬਣਨ ਤੋਂ ਪਹਿਲਾਂ ਬੈਂਕ 'ਚ ਕਰਦੇ ਸਨ ਨੌਕਰੀ
ਦੱਸ ਦਈਏ ਕਿ ਗਾਇਕੀ ਸਫਰ ਦੀ ਸ਼ੁਰੂਆਤ ਤੋਂ ਪਹਿਲਾਂ ਅਮਰਿੰਦਰ ਗਿੱਲ ਫਿਰੋਜਪੁਰ ਦੇ ਕੇਂਦਰੀ ਸਹਿਕਾਰੀ ਬੈਂਕ 'ਚ ਕੰਮ ਕਰਦੇ ਸਨ। ਅਮਰਿੰਦਰ ਗਿੱਲ ਨੇ ਗਾਇਕੀ ਦੇ ਜ਼ਰੀਏ ਕਾਫੀ ਪ੍ਰਸਿੱਧੀ ਖੱਟੀ। ਹਾਲਾਂਕਿ ਗਾਇਕੀ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਵੱਲ ਕਦਮ ਵਧਾਏ।

ਅੱਜ ਅਮਰਿੰਦਰ ਗਿੱਲ ਨੇ ਪਾਲੀਵੁੱਡ ਫਿਲਮ ਇੰਡਸਟਰੀ 'ਚ ਬਹੁਤ ਪ੍ਰਸਿੱਧੀ ਖੱਟ ਚੁੱਕੇ ਹਨ। ਅਦਾਕਾਰੀ ਨਾਲ ਲੋਹਾ ਮਨਾਉਣ ਵਾਲੇ ਅਮਰਿੰਦਰ ਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਇਕ ਸਹਾਇਕ ਭੂਮਿਕਾ 'ਚ ਸਾਲ 2009 'ਚ 'ਮੁੰਡੇ ਯੂ. ਕੇ' ਫਿਲਮ ਨਾਲ ਕੀਤੀ ਸੀ।

ਇਹ ਹਨ ਹਿੱਟ ਫਿਲਮਾਂ
ਹੁਣ ਤੱਕ ਅਮਰਿੰਦਰ ਗਿੱਲ ਨੇ 'ਲਵ ਪੰਜਾਬ', 'ਅੰਗਰੇਜ਼', 'ਇੱਕ ਕੁੜੀ ਪੰਜਾਬ ਦੀ', 'ਸਰਵਨ', 'ਗੋਰੀਆ ਨੂੰ ਦਫਾ ਕਰੋ', 'ਤੂੰ ਮੇਰਾ 22 ਮੈਂ ਤੇਰਾ 22', 'ਲਵ ਪੰਜਾਬ', 'ਲਹੌਰੀਏ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਅਤੇ 'ਅਸ਼ਕੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। 'ਟੌਹਰ ਮਿੱਤਰਾਂ ਦੀ' 'ਚ ਅਮਰਿੰਦਰ ਗਿੱਲ ਨਾਲ ਸੁਰਵੀਨ ਚਾਵਲਾ ਅਤੇ ਰਣਵਿਜੇ ਸਿੰਘ ਨਾਲ ਕੰਮ ਕੀਤਾ ਸੀ। ਅਮਰਿੰਦਰ ਗਿੱਲ ਆਪਣੀ ਬੇਬਾਕੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਅਮਰਿੰਦਰ ਗਿੱਲ ਦੀ ਗਾਇਨ ਸ਼ੈਲੀ ਨਿਰਾਲੀ ਅਤੇ ਮੌਲਿਕ ਹੈ। ਅਮਰਿੰਦਰ ਗਿੱਲ ਨੂੰ ਗਾਇਕੀ ਦੇ ਖੇਤਰ 'ਚ ਨਵੇਂ ਤਜ਼ਰਬੇ ਕਰਨ ਦਾ ਮਾਣ ਹਾਸਲ ਹੈ।

'ਅੰਗਰੇਜ' ਦੇ ਜ਼ਰੀਏ ਲਿਆਂਦੀ ਫਿਲਮ ਇੰਡਸਟਰੀ 'ਚ ਵੱਡੀ ਤਬਦੀਲੀ
ਪੰਜਾਬੀ ਫਿਲਮ ਇੰਡਸਟਰੀ 'ਚ 'ਅੰਗਰੇਜ' ਜ਼ਰੀਏ ਅਮਰਿੰਦਰ ਗਿੱਲ ਨੇ ਵੱਡੀ ਤਬਦੀਲੀ ਲਿਆਂਦੀ। ਆਲੋਚਕਾਂ ਦੇ ਨਾਲ-ਨਾਲ ਜਨਤਾ ਨੇ ਵੀ 'ਅੰਗਰੇਜ' ਫਿਲਮ ਦੀ ਬਹੁਤ ਸ਼ਲਾਘਾ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਸਰਗੁਣ ਮਹਿਤਾ ਅਤੇ ਅਦਿਤੀ ਸ਼ਰਮਾ ਮੁੱਖ ਭੂਮਿਕਾ 'ਚ ਸਨ। ਅਮਰਿੰਦਰ ਪੰਜਾਬੀ ਦੇ ਉਨ੍ਹਾਂ ਗਾਇਕਾਂ 'ਚੋਂ ਸ਼ੁਮਾਰ ਹਨ, ਜਿਨ੍ਹਾਂ ਦਾ ਸ਼ਾਇਦ ਹੀ ਕੋਈ ਗੀਤ ਫਲਾਪ ਹੋਇਆ ਹੋਵੇ। ਅਮਰਿੰਦਰ ਆਪਣੀ ਮਰਜੀ ਨਾਲ ਗੀਤ ਗਾਉਂਦੇ ਹਨ। ਉਨ੍ਹਾਂ ਦੀ ਪਲੇਠੀ ਫਿਲਮ 'ਇਕ ਕੁੜੀ ਪੰਜਾਬ ਦੀ' ਸੀ।

ਇਸ ਸਾਲ 'ਚੱਲ ਮੇਰਾ ਪੁੱਤ 2' ਨਾਲ ਦਿੱਤੀ ਦਸਤਕ
ਅਮਰਿੰਦਰ ਗਿੱਲ ਦੀ ਇਸੇ ਸਾਲ ਫਰਵਰੀ ਮਹੀਨੇ 'ਚ ਫਿਲਮ 'ਚੱਲ ਮੇਰਾ ਪੁੱਤ 2' ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਸੀ ਕਿ ਇਸ 'ਤੇ ਦੁਨੀਆ ਭਰ 'ਚ ਫੈਲੀ ਮਹਾਮਾਰੀ ਦੇ ਕਾਲੇ ਬੱਦਲ ਮਡਰਾਉਣ ਲੱਗੇ। ਜਿਸ ਕਾਰਨ ਫਿਲਮ ਦੀ ਰਿਲੀਜ਼ਿੰਗ ਤੋਂ ਕੁਝ ਦਿਨਾਂ ਬਾਅਦ ਦੇਸ਼ ਭਰ 'ਚ ਸਿਨੇਮਾ ਘਰਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਫਿਲਮ 'ਚ ਅਮਰਿੰਦਰ ਗਿੱਲ ਨਾਲ ਸਿੰਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਪਹਿਲੀ ਫਿਲਮ 'ਚੱਲ ਮੇਰਾ ਪੁੱਤ' ਤੋਂ ਕਿਤੇ ਜ਼ਿਆਦਾ ਵਧੀਆ ਹੈ।
