ਚੰਡੀਗੜ੍ਹ (ਬਿਊਰੋ) - ਭਾਰਤ ਵਿਚ ਬੁੱਧਵਾਰ 5 ਜੂਨ ਨੂੰ ਰਿਲੀਜ਼ ਹੋਈ ਅਤੇ ਵਿਦੇਸ਼ਾਂ ਵਿਚ ਅੱਜ ਸ਼ੁੱਕਰਵਾਰ 7 ਜੂਨ ਨੂੰ ਰਿਲੀਜ਼ ਹੋਈ ਅਮਰਿੰਦਰ ਗਿੱਲ ਤੇ ਉਸ ਦੀ ਟੀਮ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਨੇ ਦਰਸ਼ਕਾਂ ਦਾ ਦਿਲ ਜਿੱਤਦਿਆਂ ਈਦ ਮੌਕੇ ਬਿਸਮਿਲਾ ਆਖਿਆ ਹੈ। ਯਾਦ ਰਹੇ ਕਿ ਇਹ ਫ਼ਿਲਮ ਸਲਮਾਨ ਖਾਨ ਦੀ ਫ਼ਿਲਮ 'ਭਾਰਤ' ਦੇ ਬਰਾਬਰ ਰਿਲੀਜ਼ ਹੋਈ ਸੀ, ਮੰਨਿਆ ਜਾ ਰਿਹਾ ਸੀ ਕਿ ਦੇਸ਼ ਦੇ ਇਸ ਨਾਮੀ ਹੀਰੋ ਦੇ ਬਰਾਬਰ ਫ਼ਿਲਮ ਕਰਣਾ ਵੱਡਾ ਨੁਕਸਾਨ ਹੈ ਪਰ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੀ ਟੀਮ ਨੇ ਇਨ੍ਹਾਂ ਕਿਆਸ ਅਰਾਈਆਂ ਨੂੰ ਗਲਤ ਸਾਬਤ ਕਰਦਿਆਂ ਨਵਾਂ ਇਤਿਹਾਸ ਲਿਖ ਦਿੱਤਾ ਹੈ। ਇਸ ਫ਼ਿਲਮ ਨੇ ਕਈ ਔਕੜਾਂ ਦੇ ਬਾਵਜੂਦ ਵੀ ਦਰਸ਼ਕਾਂ ਨੂੰ ਸਿਨੇਮੇ ਵੱਲ ਖਿੱਚਿਆ। ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਤਾਜ਼ਗੀ ਨਾਲ ਭਰੀ ਮਨੋਰੰਜਨ ਭਰਪੂਰ ਡਰਾਮਾ ਫ਼ਿਲਮ ਹੈ, ਜੋ ਦਰਸ਼ਕਾਂ ਦਾ ਦਿਲ ਲਾਈ ਰੱਖਦੀ ਹੈ। ਇਸ ਟੀਮ ਵੱਲੋਂ ਦਰਸ਼ਕਾਂ ਦੇ ਮਨਾਂ 'ਚ ਪਹਿਲੀਆਂ ਫ਼ਿਲਮਾਂ ਨਾਲ ਪੈਦਾ ਕੀਤੇ ਭਰੋਸੇ ਨੇ ਬਰਾਬਰ 'ਤੇ ਸਲਮਾਨ ਖਾਨ ਦੀ ਵੱਡੀ ਹਿੰਦੀ ਫ਼ਿਲਮ ਹੋਣ ਦੇ ਬਾਵਜੂਦ ਵੀ ਖਾਨ ਦੇ ਅੱਗੇ ਗਿੱਲ ਫਿੱਕਾ ਨਹੀਂ ਪੈਣ ਦਿੱਤਾ।
ਇਸ ਫ਼ਿਲਮ ਨੂੰ ਮਿਲ ਰਹੀ ਅਪਾਰ ਸਫਲਤਾ ਨੇ ਇਕ ਵਾਰ ਇਹ ਸਾਬਤ ਕਰ ਦਿੱਤਾ ਹੈ ਕਿ ਅਮਰਿੰਦਰ ਗਿੱਲ ਤੇ ਉਸ ਦੀ ਟੀਮ ਨੇ ਆਪਣੀਆਂ ਫਿਲਮਾਂ ਲਈ ਦਰਸ਼ਕਾਂ ਦਾ ਇਕ ਵੱਡਾ ਖ਼ਾਸ ਵਰਗ ਤਿਆਰ ਕੀਤਾ ਹੋਇਆ ਹੈ, ਜੋ ਕਿਸੇ ਵੀ ਹਾਲਾਤ ਵਿਚ ਉਨ੍ਹਾਂ ਦੀ ਫ਼ਿਲਮ ਦੇਖਣ ਜ਼ਰੂਰ ਜਾਂਦਾ ਹੈ। ਇਹੀ ਨਹੀਂ ਇਹ ਟੀਮ ਵੀ ਮਨੋਰੰਜਨ, ਤਾਜ਼ਗੀ ਤੇ ਵਿਸ਼ਾ ਪੱਖ ਤੋਂ ਕਦੇ ਆਪਣੇ ਦਰਸ਼ਕਾਂ ਨੂੰ ਨਾਰਾਜ਼ ਨਹੀਂ ਹੋਣ ਦਿੰਦੀ ਹੈ। ਇਹੀ ਵਜ੍ਹਾ ਹੈ ਕਿ ਜਦੋਂ ਸਲਮਾਨ ਖਾਨ ਦੀ ਫ਼ਿਲਮ 'ਭਾਰਤ' ਸਾਹਮਣੇ ਹੋਰ ਫ਼ਿਲਮ ਨੂੰ ਸ਼ੋਅ ਮਿਲਣੇ ਹੀ ਨਾਮੁਮਕਿਨ ਹੋ ਗਏ ਸਨ ਤਾਂ ਇਸ ਮਾਹੌਲ ਵਿਚ ਇਸ ਖੇਤਰੀ ਪੰਜਾਬੀ ਫ਼ਿਲਮ ਨੇ ਪੰਜਾਬੀ ਇਲਾਕਿਆਂ ਵਿਚ ਸਲਮਾਨ ਖਾਨ ਦੀ ਫਿਲਮ ਨੂੰ ਵੱਡੀ ਮਾਤ ਦਿੱਤੀ ਹੈ।
ਇਸ ਫ਼ਿਲਮ ਨੂੰ ਮਿਲ ਰਹੀ ਸਫਲਤਾ ਨੇ ਜਿੱਥੇ ਇਸ ਫ਼ਿਲਮ ਦੀ ਟੀਮ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ, ਉੱਥੇ ਹੀ ਸੁਮੱਚੀ ਪੰਜਾਬੀ ਇੰਡਸਟਰੀ ਵਿਚ ਵੀ ਇਹ ਵਿਸ਼ਵਾਸ ਭਰ ਦਿੱਤਾ ਹੈ ਕਿ ਜੇ ਉਨ੍ਹਾਂ ਦੀ ਫ਼ਿਲਮ ਦਮਦਾਰ ਤੇ ਮਨੋਰੰਜਨ ਭਰਪੂਰ ਹੈ ਤਾਂ ਕੋਈ ਵੱਡੀ ਹਿੰਦੀ ਫ਼ਿਲਮ ਉਨ੍ਹਾਂ ਤੋਂ ਉਨ੍ਹਾਂ ਦੇ ਦਰਸ਼ਕ ਨਹੀਂ ਖੋਹ ਸਕਦੀ ਬਸ਼ਰਤੇ ਫ਼ਿਲਮ ਦੀ ਟੀਮ ਨੂੰ ਸਭ ਤੋਂ ਪਹਿਲਾਂ ਆਪਣੀ ਫ਼ਿਲਮ 'ਤੇ ਭਰੋਸਾ ਹੋਣਾ ਲਾਜ਼ਮੀ ਹੈ। ਹੁਣ ਇਸ ਫ਼ਿਲਮ ਨਾਲ ਵੀ ਇਸ ਟੀਮ ਨੇ ਵੱਡੀ ਬਾਜ਼ੀ ਮਾਰੀ ਹੈ। ਬਿਨਾਂ ਸ਼ੱਕ ਇਹ ਫ਼ਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਿਚ ਕਾਮਯਾਬ ਹੋਈ ਹੈ।