ਜਲੰਧਰ (ਬਿਊਰੋ)— ਜ਼ਮੀਨ ਦੀ ਖਰੀਦੋ-ਫਰੋਖਤ ਦੇ ਮਾਮਲੇ 'ਚ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗਾਇਕ ਪ੍ਰੀਤ ਬਰਾੜ ਦੇ ਭਰਾ ਅੰਮ੍ਰਿਤ ਬਰਾੜ ਦੀਆਂ ਮੁਸ਼ਕਿਲਾਂ ਵਧ ਚੁੱਕੀਆਂ ਹਨ। ਇਸ ਮਾਮਲੇ 'ਚ ਮੁਹਾਲੀ ਅਦਾਲਤ ਨੇ ਅੰਮ੍ਰਿਤ ਬਰਾੜ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਦੱਸ ਦੇਈਏ ਕਿ ਅੰਮ੍ਰਿਤ ਬਰਾੜ 'ਤੇ 51 ਲੱਖ ਦੀ ਠੱਗੀ ਦੇ ਮਾਮਲੇ 'ਚ ਪਿਛਲੇ ਕਾਫੀ ਸਮੇਂ ਤੋਂ ਕੇਸ ਦੀ ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਨਾ ਹੋਣ ਦਾ ਦੋਸ਼ ਹੈ। ਅਦਾਲਤ ਨੇ ਬਰਾੜ ਦੀ ਜ਼ਮਾਨਤ ਦੇਣ ਵਾਲੇ ਵਿਅਕਤੀ ਨੂੰ ਵੀ ਸੰਮਨ ਭੇਜ ਕੇ 7 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਆਖਿਆ ਹੈ। ਦੂਜੇ ਪਾਸੇ ਇਸ ਮਾਮਲੇ 'ਚ ਅਦਾਲਤ ਵੱਲੋਂ ਪ੍ਰੀਤ ਬਰਾੜ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਸਥਾਨਕ ਫੇਜ਼-2 ਦੇ ਵਸਨੀਕ ਰਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਗਾਇਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਅੰਮ੍ਰਿਤ ਬਰਾੜ ਦੇ ਖਿਲਾਫ ਸੈਂਟਰਲ ਥਾਣਾ ਫੇਜ਼-8 'ਚ 29 ਜੁਲਾਈ 2013 ਨੂੰ ਆਈ. ਪੀ. ਸੀ. ਦੀ ਧਾਰਾ 406, 420 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਰਮਨਦੀਪ ਸਿੰਘ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਪ੍ਰੀਤ ਬਰਾੜ ਨੇ ਉਸ ਨਾਲ ਕਿਸੇ ਜ਼ਮੀਨ ਦਾ ਬਿਆਨਾ 51 ਲੱਖ ਰੁਪਏ ਲਿਆ ਸੀ ਪਰ ਬਾਅਦ 'ਚ ਪ੍ਰੀਤ ਬਰਾੜ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੇ 51 ਲੱਖ ਰੁਪਏ ਵਾਪਸ ਕੀਤੇ। ਇਸ ਕੇਸ 'ਚ ਪ੍ਰੀਤ ਬਰਾੜ ਨੂੰ ਮੁੰਬਈ ਹਵਾਈ ਅੱਡੇ 'ਤੇ ਮੁੰਬਈ ਪੁਲਸ ਵੱਲੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਕਾਠਮੰਡੂ (ਨੇਪਾਲ) ਤੋਂ ਕਿਸੇ ਫਿਲਮ ਦੀ ਸ਼ੂਟਿੰਗ ਕਰਕੇ ਵਾਪਸ ਆ ਰਿਹਾ ਸੀ। ਮੁੰਬਈ ਪੁਲਸ ਨੇ ਪ੍ਰੀਤ ਬਰਾੜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁਹਾਲੀ ਪੁਲਸ ਨੂੰ ਸੂਚਿਤ ਕੀਤਾ ਸੀ, ਜਿਸ ਦੌਰਾਨ ਮੁਹਾਲੀ ਪੁਲਸ ਨੇ ਉਸ ਨੂੰ ਟਰਾਂਜ਼ਿਟ ਵਾਰੰਟ 'ਤੇ ਮੁਹਾਲੀ ਲਿਆਂਦਾ ਸੀ।