ਜਲੰਧਰ(ਬਿਊਰੋ)— 'ਲੌਂਗ ਲਾਂਚੀ' ਫਿਲਮ ਨਾਲ ਦਰਸ਼ਕਾਂ ਦਾ ਦਿਲ ਟੁੰਬਣ ਵਾਲੇ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੀ ਜੋੜੀ ਇਕ ਵਾਰ ਫਿਰ ਲੋਕਾਂ ਦੇ ਦਿਲਾਂ 'ਚ ਘਰ ਕਰਨ ਨੂੰ ਤਿਆਰ ਹੈ। ਜੀ ਹਾਂ, ਦਰਅਸਲ ਅੰਮ੍ਰਿਤ-ਨੀਰੂ 'ਆਟੇ ਦੀ ਚਿੜੀ' ਇਕ ਵਾਰ ਫਿਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਫਿਲਮ 'ਲੌਂਗ ਲਾਂਚੀ' 'ਚ 'ਬੰਬ ਜੱਟ' ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ 'ਆਟੇ ਦੀ ਚਿੜੀ' 'ਚ ਦੋਵਾਂ ਦੀ ਜੋੜੀ ਲੋਕਾਂ ਦੇ ਦਿਲਾਂ 'ਚ ਘਰ ਕਰੇਗੀ।
ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਤੇ ਇਕ ਗੀਤ 'ਬਲੱਡ ਵਿਚ ਤੂੰ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 'ਬਲੱਡ ਵਿਚ ਤੂੰ' ਗੀਤ 'ਚ ਵੀ ਅੰਮ੍ਰਿਤ ਮਾਨ ਤੇ ਨੀਰੂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਦੱਸ ਦੇਈਏ ਕਿ 'ਆਟੇ ਦੀ ਚਿੜੀ' ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੈ, ਜਿਸ ਦਾ ਕਾਰਨ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਹੈ। ਅੰਮ੍ਰਿਤ ਤੇ ਨੀਰੂ ਤੋਂ ਇਲਾਵਾ ਫਿਲਮ 'ਚ ਕਈ ਤਜਰਬੇਕਾਰ ਕਾਲਾਕਾਰ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਤੇ ਅਨਮੋਲ ਵਰਮਾ।
ਪੰਜਾਬੀ ਫਿਲਮ ਦੀ ਦੁਨੀਆ ਵਿਚ ਦੋ ਇਨਸਾਨ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪੰਜਾਬੀ ਸਿਨੇਮਾ ਦੀ ਤਰੱਕੀ ਲਈ ਤੇ ਉਹ ਹਨ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ। ਇਸ ਫਿਲਮ ਦੇ ਸਹਿ ਨਿਰਮਾਤਾ ਹਨ ਜੀ. ਆਰ. ਐੱਸ. ਚਿੰਨਾ (ਕੈਲਗਰੀ ਕੈਨੇਡਾ)। ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਮਾਲਕ ਚਰਨਜੀਤ ਸਿੰਘ ਵਾਲੀਆ ਦੀ ਤੇਗ ਪ੍ਰੋਡਕਸ਼ਨਸ ਫਿਲਮ, ਜਿਸ ਦਾ ਨਾਂ ਹੈ 'ਆਟੇ ਦੀ ਚਿੜੀ' ਲੈ ਕੇ ਬਿਲਕੁਲ ਤਿਆਰ ਹਨ।
ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਕ ਹੈਰੀ ਭੱਟੀ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। 'ਆਟੇ ਦੀ ਚਿੜੀ' ਨੂੰ ਪੂਰੇ ਸੰਸਾਰ ਭਰ 'ਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।