ਜਲੰਧਰ (ਸੋਮ) - ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਵਲੋਂ ਨਵੇਂ ਵਰ੍ਹੇ ਦੀ ਆਮਦ ’ਤੇ ਸ. ਅਮੋਲਕ ਸਿੰਘ ਗਾਖਲ, ਮੱਖਣ ਸਿੰਘ ਬੈਂਸ ਅਤੇ ਐੱਸ. ਅਸ਼ੋਕ ਭੌਰਾ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਣ ਵਾਲਾ ਰੰਗਾਰੰਗ ਸੰਗੀਤਕ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ ਲੰਘੇ ਐਤਵਾਰ ਨੂੰ ਫਰੀਮਾਂਟ ਦੇ ਪੈਰਾਡਾਈਜ਼ ਬਾਲਰੂਮ ਵਿਖੇ ਵੱਡੀ ਗਿਣਤੀ ’ਚ ਹਾਜ਼ਰ ਪੰਜਾਬੀ ਪਰਿਵਾਰਾਂ ਦੇ ਭਰਵੇਂ ਮਨੋਰੰਜਨ ਨਾਲ ਪਿਛਲੇ ਸਾਲਾਂ ਨਾਲੋਂ ਵਧੇਰੇ ਹਰਮਨਪਿਆਰਾ ਅਤੇ ਪ੍ਰਵਾਨ ਹੋ ਕੇ ਚੜ੍ਹਿਆ। ਇਸ ਸਾਲ ਇਹ ਪ੍ਰੋਗਰਾਮ ਪੰਜਾਬੀ ਸੰਗੀਤ ਜਗਤ ਦੇ ਮਰਹੂਮ ਗਾਇਕ ਆਸਾ ਸਿੰਘ ਮਸਤਾਨਾ ਨੂੰ ਸਮਰਪਿਤ ਸੀ।
ਇਸ ਮੌਕੇ ਹੋਰਨਾਂ ਕਲਾਕਾਰਾਂ ਤੋਂ ਇਲਾਵਾ ਪ੍ਰਸਿੱਧ ਗਾਇਕਾ ਅੰਮ੍ਰਿਤਾ ਵਿਰਕ ਨੇ ਆਪਣੇ ਨਵੇਂ–ਪੁਰਾਣੇ ਹਿੱਟ ਗੀਤਾਂ ਨਾਲ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ। ਮੇਲੇ ਦੇ ਮੁੱਖ ਪ੍ਰਬੰਧਕ ਐੱਸ.ਅਸ਼ੋਕ ਭੌਰਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਮਾਹਿਲਪੁਰ ਦੇ ਸ਼ੌਂਕੀ ਮੇਲੇ ਤੋਂ ਬਾਅਦ ਅਮਰੀਕਾ ਦੀ ਧਰਤੀ ’ਤੇ ਹੋਣ ਵਾਲੇ ਇਸ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਨੇ ਪੰਜਾਬੀਆਂ ਦੇ ਮਨਾਂ ’ਤੇ ਇਕ ਨਿਵੇਕਲੀ ਛਾਪ ਛੱਡੀ ਹੈ। ਉਨ੍ਹਾਂ ਸਾਰੇ ਸਹਿਯੋਗੀਆਂ ਤੇ ਸਪਾਂਸਰਾਂ ਦਾ ਧੰਨਵਾਦ ਵੀ ਕੀਤਾ। ਪ੍ਰੋਗਰਾਮ ਵਿਚ ਉਚੇਚੇ ਤੌਰ ’ਤੇ ਇਕਬਾਲ ਸਿੰਘ ਗਾਖਲ ਤੇ ਗਾਖਲ ਪਰਿਵਾਰ, ਨਰਿੰਦਰ ਸਿੰਘ ਸਹੋਤਾ, ਜੁਗਰਾਜ ਸਿੰਘ ਸਹੋਤਾ, ਰੇਡੀਓ ਮਿਰਚੀ ਦੇ ਐੱਸ.ਪੀ. ਸਿੰਘ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਰਹੀਆਂ। ਪ੍ਰੋਗਰਾਮ ਦਾ ਸੰਚਾਲਨ ਸ਼ਕਤੀ ਮਾਣਕ ਨੇ ਕੀਤਾ।