FacebookTwitterg+Mail

ਫਿਲਮ 'ਸਪੈਸ਼ਲ 26' ਦੀ ਤਰਜ 'ਤੇ ਕੀਤੀ 2 ਕਰੋੜ ਰੁਪਏ ਦੀ ਠੱਗੀ, 2 ਦੋਸ਼ੀ ਗ੍ਰਿਫਤਾਰ

amritsar fake of two crore rupees on the lines of film special26
03 March, 2020 09:04:16 AM

ਜਲੰਧਰ (ਬਿਊਰੋ) : ਅੰਮ੍ਰਿਤਸਰ ਵਿਖੇ ਅਕਸ਼ੈ ਕੁਮਾਰ ਦੇ ਅਭਿਨੈ ਵਾਲੀ ਫਿਲਮ 'ਸਪੈਸ਼ਲ-26' ਦੀ ਤਰਜ 'ਤੇ ਸ਼ਹਿਰ ਵਿਚ ਲੱਖਾਂ ਰੁਪਿਆਂ ਦੀ ਠੱਗੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਦੋਸ਼ੀਆਂ 'ਚੋਂ 2 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਦੋਵੇਂ ਦੋਸ਼ੀਆਂ ਮੈਨੁਅਲ ਮਸੀਹ ਉਰਫ ਮੰਨੂ ਨਿਵਾਸੀ ਬਸੰਤ ਐਵੇਨਿਊ ਅਤੇ ਅਸ਼ਵਨੀ ਕੁਮਾਰ ਨਿਵਾਸੀ ਫਤਿਹਗੜ੍ਹ ਚੂੜ੍ਹੀਆਂ ਰੋਡ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 3 ਦੋਸ਼ੀਆਂ ਬਲਬੀਰ ਸਿੰਘ, ਪਵਨ ਕੁਮਾਰ ਤੇ ਹੀਰਾ ਸਿੰਘ ਅਜੇ ਫਰਾਰ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਮਾਨਾਂਵਾਲਾ ਦੇ ਰਿਟਾਇਰਡ ਫੌਜੀ ਰਵੈਲ ਸਿੰਘ ਦੀ ਆਪਣੀ ਜ਼ਮੀਨ ਹੈ। ਉਹ ਖੇਤੀਬਾੜੀ ਦਾ ਕੰਮ ਕਰਦੇ ਹਨ। ਸਾਲ 2016 ਵਿਚ ਉਨ੍ਹਾਂ ਦੀ ਮੁਲਾਕਾਤ ਉਕਤ 5 ਦੋਸ਼ੀਆਂ ਨਾਲ ਹੋਈ ਸੀ। ਠੱਗੀ ਕਰਨ ਲਈ ਸਾਰੇ ਦੋਸ਼ੀਆਂ ਨੇ ਆਪਣੇ ਨਾਂ ਬਦਲ ਲਏ ਸਨ। ਉਨ੍ਹਾਂ ਨੇ ਆਪਣੇ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਖਾਤੇ ਵੀ ਫਰਜ਼ੀ ਖੁੱਲ੍ਹਵਾਏ ਸਨ। ਬਲਬੀਰ ਸਿੰਘ ਸਹੋਤਾ ਬਣਿਆ ਵਿਜੇ ਸ਼ਰਮਾ, ਅਸ਼ਵਨੀ ਕੁਮਾਰ ਬਣਿਆ ਅਸ਼ੋਕ ਗੁਪਤਾ, ਮੈਨੁਅਲ ਮਸੀਹ ਬਣਿਆ ਅਮਰ ਮਜੀਠੀਆ, ਹੀਰਾ ਸਿੰਘ ਬਣਿਆ ਰਾਜਬੀਰ ਸਿੰਘ ਅਤੇ ਪੰਮੂ ਪਵਨ ਸ਼ਰਮਾ ਬਣ ਗਿਆ।

ਦੋਸ਼ੀਆਂ ਨੇ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਘਰ ਦੇ ਭੇਦ ਲੈ ਕੇ ਉਹ ਜਾਣ ਗਏ ਕਿ ਉਨ੍ਹਾਂ ਦੇ ਬੈਂਕ ਖਾਤੇ 'ਚ ਲੱਖਾਂ ਰੁਪਏ ਹਨ। ਇਸ ਦੌਰਾਨ ਉਨ੍ਹਾਂ ਨੇ ਜ਼ਮੀਨਾਂ ਦਾ ਕੁਝ ਹਿੱਸਾ ਵੀ ਵੇਚਿਆ ਸੀ। ਦੋਸ਼ੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਅਜਨਾਲਾ ਵਿਚ ਉਹ ਉਨ੍ਹਾਂ ਨੂੰ ਕਾਫੀ ਸਸਤੀ ਜ਼ਮੀਨ ਦਿਵਾ ਦੇਣਗੇ। ਉਹ ਖੇਤੀਬਾੜੀ ਲਈ ਜ਼ਮੀਨ ਲੈਣ ਲਈ ਤਿਆਰ ਹੋ ਗਏ। ਘਟਨਾ ਵਾਲੇ ਦਿਨ ਉਨ੍ਹਾਂ ਨੂੰ ਸਾਰੇ ਦੋਸ਼ੀ ਅਜਨਾਲਾ ਲੈ ਗਏ। ਲਗਭਗ 1.96 ਕਰੋੜ ਰੁਪਏ ਉਹ ਜ਼ਮੀਨ ਖਰੀਦਣ ਲਈ ਲੈ ਕੇ ਆਪਣੇ ਇਕ ਹੋਰ ਰਿਸ਼ਤੇਦਾਰ ਨੂੰ ਨਾਲ ਲੈ ਕੇ ਚਲੇ ਗਏ। ਦੋਸ਼ੀਆਂ ਨੇ ਕਿਸੇ ਤਰ੍ਹਾਂ ਉਨ੍ਹਾਂ ਤੋਂ ਪੈਸੇ ਲੈ ਲਏ ਅਤੇ ਫਿਰ ਕਦੇ ਨਹੀਂ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਦਿਹਾਤੀ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਪੁਲਸ ਅਧਿਕਾਰੀਆਂ ਦੇ ਚੱਕਰ ਲਗਾਏ। ਕੋਈ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਕਈ ਵਾਰ ਤਤਕਾਲੀ ਪੁਲਸ ਕਮਿਸ਼ਨਰ ਸੁਧਾਂਸ਼ੁ ਸ਼ੇਖਰ ਸ਼੍ਰੀਵਾਸਤਵ ਨੂੰ ਮਿਲ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ।

ਸਾਲ 2018 ਵਿਚ ਸੁਲਤਾਨਵਿੰਡ ਥਾਣੇ ਨੇ ਪੰਜਾਂ ਖਿਲਾਫ ਕੇਸ ਦਰਜ ਕਰ ਲਿਆ। ਬਜ਼ੁਰਗ ਫੌਜੀ ਦੀਆਂ ਕੋਸ਼ਿਸ਼ਾਂ ਨਾਲ ਪੁਲਸ ਨੇ ਦੋਸ਼ੀ ਪਵਨ ਨੂੰ ਫੜ੍ਹ ਲਿਆ ਪਰ ਉਸ ਨੇ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕਰਦਿਆਂ ਕੋਰਟ 'ਚ ਕਿਹਾ ਕਿ ਉਹ ਠੱਗੀ ਦੇ ਪੈਸੇ ਸ਼ਿਕਾਇਤਕਰਤਾ ਨੂੰ ਵਾਪਸ ਕਰ ਦੇਵੇਗਾ ਤੇ ਬਾਕੀ ਚਾਰ ਦੋਸ਼ੀਆਂ ਨੂੰ ਫੜਵਾਉਣ ਵਿਚ ਵੀ ਮਦਦ ਕਰੇਗਾ। ਜ਼ਮਾਨਤ ਮਿਲਣ ਤੋਂ ਬਾਅਦ ਦੋਸ਼ੀ ਅੰਡਰਗ੍ਰਾਊਂਡ ਹੋ ਗਿਆ ਅਤੇ ਦੂਜੇ ਦੋਸ਼ੀਆਂ ਨੂੰ ਵੀ ਫਰਾਰ ਹੋਣ 'ਚ ਮਦਦ ਕਰਨ ਲੱਗਾ। ਦੋਸ਼ੀ ਕਾਫੀ ਸ਼ਾਤਿਰ ਸਨ। ਹੇਠਲੇ ਪੱਧਰ ਦੇ ਅਫਸਰਾਂ ਨੂੰ ਰਿਸ਼ਵਤ ਦੇ ਕੇ ਉਹ ਗ੍ਰਿਫਤਾਰੀ ਤੋਂ ਬੱਚਦੇ ਰਹੇ। ਉਹ ਹਾਈਕੋਰਟ ਤਕ ਜ਼ਮਾਨਤ ਲੈਣ ਲਈ ਗਏ ਪਰ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਦੀਆਂ ਜ਼ਮਾਨਤਾਂ ਰੱਦ ਕਰ ਦਿੱਤੀਆਂ। ਰਵੈਲ ਸਿੰਘ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਉਨ੍ਹਾਂ ਨਾਲ ਲਗਭਗ 1.94 ਕਰੋੜ ਦੀ ਠੱਗੀ ਕੀਤੀ ਹੈ। ਇਸ ਸਾਰੇ ਮਾਮਲੇ ਵਿਚ ਤਰਨਤਾਰਨ ਜ਼ਿਲਾ 'ਚ ਤਾਇਨਾਤ ਇਕ ਡੀ. ਐੱਸ. ਪੀ. ਕੁਝ ਦੋਸ਼ੀਆਂ ਦੀ ਮਦਦ ਕਰ ਰਿਹਾ ਹੈ। ਜਦੋਂ ਪੁਲਿਸ ਦੋਵੇਂ ਦੋਸ਼ੀਆਂ ਨੂੰ ਫੜ੍ਹਣ ਗਈ ਤਾਂ ਇਕ ਦੋਸ਼ੀ ਨੇ ਆਪਣੇ ਮੋਬਾਈਲ ਰਾਹੀਂ ਉਸ ਡੀ. ਐੱਸ. ਪੀ ਦੀ ਗੱਲ ਕਰਵਾ ਦਿੱਤੀ। ਸਾਬਕਾ ਫੌਜੀ ਨੇ ਡੀ. ਜੀ. ਪੀ ਦਿਨਕਰ ਅੱਗੇ ਵੀ ਗੁਹਾਰ ਲਗਾਈ।

ਜ਼ਿਕਰਯੋਗ ਹੈ ਕਿ ਦੋਸ਼ੀਆਂ ਖਿਲਾਫ ਧੋਖਾਧੜੀ ਦੇ ਚਾਰ-ਪੰਜ ਮਾਮਲੇ ਦਰਜ ਹਨ। ਇਨ੍ਹਾਂ ਖਿਲਾਫ ਅੰਮ੍ਰਿਤਸਰ 'ਚ ਹੀ ਨਹੀਂ, ਸਗੋਂ ਦਿਹਾਤੀ, ਤਰਨਤਾਰਨ ਵਿਚ ਵੀ ਧੋਖਾਧੜੀ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ।


Tags: Special 26Neeraj PandeyAkshay KumarAmritsarTwo Crore Rupees

About The Author

sunita

sunita is content editor at Punjab Kesari