ਮੁੰਬਈ— ਹਾਲੀਵੁੱਡ ਦਾ ਸਭ ਤੋਂ ਮਸ਼ਹੂਰ ਕੱਪਲ 'ਬ੍ਰੈਂਜਲੀਨਾ' ਫਿਰ ਤੋਂ ਚਰਚਾ 'ਚ ਹੈ। ਕੁਝ ਦਿਨ ਪਹਿਲਾਂ ਜਿਥੇ ਐਂਜਲੀਨਾ ਜੋਲੀ ਤੇ ਬਰੈਡ ਪਿਟ ਦੇ ਤਲਾਕ ਦੀਆਂ ਖਬਰਾਂ ਨੇ ਉਨ੍ਹਾਂ ਦੇ ਫੈਨਜ਼ ਦਾ ਦਿਲ ਤੋੜ ਦਿੱਤਾ ਸੀ, ਉਥੇ ਹੁਣ ਖਬਰ ਹੈ ਕਿ ਦੋਵੇਂ ਤਲਾਕ ਦੇ ਫੈਸਲੇ 'ਤੇ ਮੁੜ ਸੋਚ-ਵਿਚਾਰ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕੱਠਿਆਂ ਕਾਫੀ ਸਮਾਂ ਬਤੀਤ ਕੀਤਾ ਸੀ ਪਰ ਕੁਝ ਸਾਲਾਂ ਬਾਅਦ ਹੀ ਦੋਵਾਂ ਵਿਚਾਲੇ ਮਤਭੇਦ ਪੈਦਾ ਹੋ ਗਏ। ਅਜਿਹੀਆਂ ਖਬਰਾਂ ਆਈਆਂ ਸਨ ਕਿ ਐਂਜਲੀਨਾ ਨੇ ਬਰੈਡ ਪਿਟ ਨਾਲ ਕੁਝ ਮਤਭੇਦ ਦੇ ਚਲਦਿਆਂ ਤਲਾਕ ਦੀ ਅਰਜ਼ੀ ਦਿੱਤੀ ਹੈ।
ਹਾਲਾਂਕਿ ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੈਲੇਬ੍ਰਿਟੀ ਕੱਪਲ ਆਪਣੇ ਰਿਸ਼ਤੇ ਨੂੰ ਇਕ ਹੋਰ ਮੌਕਾ ਦੇਣਾ ਚਾਹੁੰਦਾ ਹੈ। ਦੋਵਾਂ ਨੇ ਤਲਾਕ ਦੇ ਫੈਸਲੇ ਨੂੰ ਕੁਝ ਸਮੇਂ ਲਈ ਰੋਕਣ ਤੇ ਇਸ 'ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਇਕ ਵੱਡੀ ਵਜ੍ਹਾ ਹੈ ਦੋਵਾਂ ਦੇ ਬੱਚੇ। ਚਰਚਾ ਤਾਂ ਇਥੋਂ ਤਕ ਹੈ ਕਿ ਆਪਣੇ ਬੱਚਿਆਂ ਤੇ ਇਸ ਰਿਸ਼ਤੇ ਲਈ ਬਰੈਡ ਪਿਟ ਖੁਦ 'ਚ ਬਦਲਾਅ ਲਿਆਉਣ ਦੀ ਤਿਆਰੀ ਵੀ ਕਰ ਰਹੇ ਹਨ।
ਬੇਸ਼ੱਕ ਇਸ ਮਾਮਲੇ 'ਚ ਦੋਵਾਂ ਵਲੋਂ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ ਪਰ ਇੰਨਾ ਤੈਅ ਹੈ ਕਿ ਤਲਾਕ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ਖੈਰ ਉਨ੍ਹਾਂ ਦੇ ਫੈਨਜ਼ ਤਾਂ ਅਜੇ ਚਾਹੁੰਦੇ ਵੀ ਨਹੀਂ ਕਿ 'ਬ੍ਰੈਂਜਲੀਨਾ' ਵਿਚਾਲੇ ਤਰੇੜ ਪਵੇ।