FacebookTwitterg+Mail

ਗੀਤਾਂ-ਕਹਾਣੀਆਂ, ਕਿੱਸਿਆਂ ਅਤੇ ਸ਼ਾਇਰੀ 'ਚ ਵਸਦਾ ਰਹੇ ਪੰਜਾਬ

anita devgan
21 January, 2017 02:39:47 PM
ਮੇਰੇ ਸੁਪਨਿਆਂ ਦਾ ਪੰਜਾਬ ਅੱਜ ਵੀ ਗੀਤਾਂ-ਕਹਾਣੀਆਂ, ਕਿੱਸਿਆਂ ਅਤੇ ਸ਼ਾਇਰੀ 'ਚ ਵਸਦਾ ਹੈ। ਇਕ ਅਜਿਹਾ ਖੁਸ਼ਹਾਲ ਪੰਜਾਬ, ਜਿਸ ਦੇ ਚਾਰੋਂ ਪਾਸੇ ਫੈਲੀ ਹਰਿਆਲੀ ਅਤੇ ਖੁਸ਼ਹਾਲੀ 'ਚ ਪੰਜਾਬੀ ਵਿਰਸੇ ਨਾਲ ਲਬਾਲਬ ਲੋਕ ਭਾਈਚਾਰਕ ਸਾਂਝ ਨਾਲ ਤਿਉਹਾਰ ਮਨਾਉਂਦੇ ਨਜ਼ਰ ਆਉਂਦੇ ਹਨ ਪਰ ਪੰਜਾਬ 'ਚ ਹੁਣ ਵਿਰਾਸਤ ਧੁੰਦਲੀ ਪੈਂਦੀ ਜਾ ਰਹੀ ਹੈ। ਪੰਜਾਬ 'ਚ ਫੈਲੀ ਬੇਰੋਜ਼ਗਾਰੀ ਨੇ ਜਿਥੇ ਕਈ ਨੌਜਵਾਨਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ, ਉਥੇ ਹੀ ਕੁਝ ਨੌਜਵਾਨਾਂ ਨੂੰ ਇਸ ਨੇ ਨਸ਼ੇ ਦੀ ਲਤ ਲਗਾ ਦਿੱਤੀ। ਸਮਾਜਿਕ ਬੁਰਾਈਆਂ ਅਤੇ ਨਸ਼ਿਆਂ 'ਤੇ ਲਗਾਮ ਲਾਉਣ ਲਈ ਸਭ ਤੋਂ ਪਹਿਲਾਂ ਸੂਬੇ 'ਚੋਂ ਬੇਰੋਜ਼ਗਾਰੀ ਨੂੰ ਦੂਰ ਕਰਨਾ ਪਵੇਗਾ। ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ। ਰੋਜ਼ਗਾਰ ਦੇ ਸੋਮੇ ਨਿੱਜੀ ਸੰਸਥਾਵਾਂ, ਉਦਯੋਗਾਂ ਆਦਿ ਲਈ ਵੀ ਭਵਿੱਖ ਦੀ ਸਰਕਾਰ ਨੂੰ ਚੰਗੀਆਂ ਯੋਜਨਾਵਾਂ ਲਿਆਉਣੀਆਂ ਪੈਣਗੀਆਂ ਤਾਂ ਕਿ ਅਜਿਹੀਆਂ ਸੰਸਥਾਵਾਂ ਬਣਨ ਕਿ ਉਹ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ 'ਚ ਸਮਰੱਥ ਹੋਣ।
ਦੇਸ਼ ਦੇ ਅੰਨਦਾਤਾ ਪੰਜਾਬ ਦੇ ਕਿਸਾਨ ਦੇ ਹਾਲਾਤ ਕੁਝ ਚੰਗੇ ਨਹੀਂ ਹਨ। ਮੰਦੀ 'ਚ ਜਾ ਰਹੇ ਖੇਤੀ ਖੇਤਰ ਨੂੰ ਅਪਣਾਉਣ ਲਈ ਨੌਜਵਾਨ ਤਿਆਰ ਨਹੀਂ ਹਨ। ਕਿਸਾਨ ਆਤਮ-ਹੱਤਿਆਵਾਂ ਵੱਲ ਵਧ ਰਹੇ ਹਨ। ਛੋਟੇ ਕਿਸਾਨਾਂ ਲਈ ਤਾਂ ਖੇਤੀ ਨਾਲ ਆਪਣਾ ਜੀਵਨ ਬਸਰ ਕਰਨਾ ਔਖਾ ਹੋਇਆ ਪਿਆ। ਅੱਜ ਲੋੜ ਹੈ ਖੇਤੀ ਖੇਤਰ ਨੂੰ ਸੰਭਾਲਣ ਦੀ। ਸਰਕਾਰ ਕੋਈ ਵੀ ਹੋਵੇ, ਉਹ ਖੇਤੀ ਖੇਤਰ ਨੂੰ ਇੰਨਾ ਪ੍ਰਫੁੱਲਤ ਕਰੇ ਕਿ ਕੋਈ ਕਿਸਾਨ ਆਤਮ-ਹੱਤਿਆ ਨਾ ਕਰੇ ਅਤੇ ਕਿਸੇ ਵੀ ਕਿਸਾਨ ਦਾ ਪੁੱਤ ਖੇਤੀ ਛੱਡਣ ਲਈ ਮਜਬੂਰ ਨਾ ਹੋਵੇ।
ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨੇ ਦੁਨੀਆ ਭਰ 'ਚ ਵਸੇ ਪੰਜਾਬੀਆਂ ਨੂੰ ਇਕ-ਦੂਜੇ ਨਾਲ ਜੋੜੀ ਰੱਖਿਆ ਹੈ। ਪੰਜਾਬ 'ਚ ਮਾਤ ਭਾਸ਼ਾ ਨੂੰ ਕੁਝ ਨਿੱਜੀ ਸਕੂਲਾਂ ਅਤੇ ਸੰਸਥਾਵਾਂ ਵਲੋਂ ਛੱਡ ਕੇ ਹੋਰ ਭਾਸ਼ਾਵਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੀ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਹੀ ਨਹੀਂ ਸਗੋਂ ਪੰਜਾਬੀ ਵਿਰਾਸਤ ਤੋਂ ਵੀ ਮਹਿਰੂਮ ਹੋ ਜਾਵੇਗੀ। ਪੰਜਾਬੀ ਭਾਸ਼ਾ ਨੂੰ ਸੰਭਾਲਣ ਲਈ ਵੱਖਰੇ ਤੌਰ 'ਤੇ ਬਿਹਤਰ ਪ੍ਰਬੰਧ ਹੋਣ ਅਤੇ ਇਹ ਪ੍ਰਬੰਧ ਕਾਗਜ਼ਾਂ ਤਕ ਹੀ ਸੀਮਤ ਨਾ ਰਹਿਣ। ਪੰਜਾਬੀ ਕਲਾ, ਸਾਹਿਤ ਅਤੇ ਮਨੋਰੰਜਨ ਦੇ ਹੋਰ ਖੇਤਰਾਂ ਨੂੰ ਪ੍ਰਫੁੱਲਤ ਕਰਨ ਵੱਲ ਸਰਕਾਰਾਂ ਧਿਆਨ ਦੇਣ। ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਪੰਜਾਬ ਅੰਦਰ ਕਈ ਪੁਰਾਣੀਆਂ ਵਿਰਾਸਤਾਂ ਨਾਲ ਜੁੜੇ ਕਿਲੇ, ਗੇਟ ਅਤੇ ਹੋਰ ਸਥਾਨ ਹਨ, ਜੋ ਪੰਜਾਬ ਦੀ ਅਮੀਰ ਵਿਰਾਸਤ ਦੀ ਗਵਾਹੀ ਭਰਦੇ ਹਨ ਪਰ ਇਸ ਅਮੀਰ ਵਿਰਾਸਤ ਦੇ ਹਾਲਾਤ ਇੰਨੇ ਗਰੀਬ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਸਰਕਾਰਾਂ ਤਾਂ ਕੀ, ਕੋਈ ਪੰਜਾਬੀ ਵੀ ਦੇਖਣ ਨਹੀਂ ਜਾਂਦਾ। ਅਜਿਹੇ ਵਿਰਾਸਤੀ ਸਥਾਨਾਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ। ਆਖਿਰ 'ਚ ਮੈਂ ਲੋਕਾਂ ਨੂੰ ਅਪੀਲ ਕਰਾਂਗੀ ਕਿ ਉਹ ਵੋਟ ਪਾਉਣ ਜ਼ਰੂਰ ਜਾਣ।
—ਅਭਿਨੇਤਰੀ ਅਨੀਤਾ ਦੇਵਗਨ

Tags: ਪੰਜਾਬਅਨੀਤਾ ਦੇਵਗਨਪੰਜਾਬੀ ਵਿਰਸੇPunjab Anita Devgan Punjabi Heritage

About The Author

Anuradha Sharma

Anuradha Sharma is News Editor at Jagbani.