ਮੁੰਬਈ— ਐਕਟਰਾਂ ਲਈ ਐਕਟਿੰਗ ਦੇ ਨਾਲ-ਨਾਲ ਆਪਣੇ ਘਰ ਵਾਲਿਆਂ ਲਈ ਟਾਈਮ ਕੱਢਣਾ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਦੇ ਬੀਜ਼ੀ ਸ਼ੈਡਿਊਲ ਦੇ ਕਾਰਨ ਪੂਰਾ-ਪੂਰਾ ਦਿਨ ਸੈੱਟ 'ਤੇ ਹੀ ਨਿਕਲ ਜਾਂਦਾ ਹੈ। ਹਾਲ ਹੀ ਵਿਚ ਕਲਰਸ ਟੀ. ਵੀ. ਦੇ ਸ਼ੋਅ 'ਏਕ ਸ਼ਿੰਗਾਰ ਸਵਾਭਿਮਾਨ' ਦੀ ਨੈਨਾ ਯਾਨੀ ਕਿ ਅੰਕਿਤਾ ਸ਼ਰਮਾ ਆਪਣੇ ਹੋਮ ਟਾਊਨ ਚੰਡੀਗੜ੍ਹ ਪੁੱਜੀ, ਜਿਥੇ ਉਹ ਆਪਣੇ ਮਾਂ-ਪਿਓ ਨੂੰ ਸਰਪ੍ਰਾਈਜ਼ ਵਿਜ਼ਿਟ ਦੇ ਤੌਰ 'ਤੇ ਮਿਲਣ ਆਈ ਸੀ। ਅੰਕਿਤਾ ਆਪਣੇ ਘਰ ਸਾਢੇ ਸੱਤ ਮਹੀਨਿਆਂ ਬਾਅਦ ਆਈ। ਚੰਡੀਗੜ੍ਹ ਪਹੁੰਚ ਕੇ ਉਸ ਨੂੰ ਸਕੂਨ ਦਾ ਅਹਿਸਾਸ ਹੋਇਆ। ਅੰਕਿਤਾ ਨੇ ਕਿਹਾ ਕਿ ਉਹ ਆਪਣੇ ਜਨਮ ਦਿਨ 'ਤੇ ਵੀ ਘਰ ਨਹੀਂ ਆ ਸਕੀ ਸੀ।
ਅੰਕਿਤਾ ਦੇ ਮਾਂ-ਪਿਓ ਬੇਟੀ ਨੂੰ ਅਚਾਨਕ ਘਰ ਆਈ ਵੇਖ ਕੇ ਹੈਰਾਨ ਤਾਂ ਹੋਏ ਹੀ ਅਤੇ ਨਾਲ ਹੀ ਉਨ੍ਹਾਂ ਦੀ ਅੱਖਾਂ 'ਚੋਂ ਖੁਸ਼ੀ ਦੇ ਅੱਥਰੂ ਵੀ ਵਗ ਪਏ। ਬੇਟੀ ਨੂੰ ਨੈਨਾ ਦੇ ਕਿਰਦਾਰ ਵਿਚ ਵੇਖ ਕੇ ਜਿੱਥੇ ਘਰਦਿਆਂ ਨੂੰ ਕਾਫੀ ਖੁਸ਼ੀ ਹੁੰਦੀ ਹੈ ਤਾਂ ਉਥੇ ਹੀ ਅੰਕਿਤਾ ਦੇ ਪਤਲੇ ਹੋਣ 'ਤੇ ਦਾਦੀ ਨੇ ਰੋਟੀ ਨਾ ਖਾਣ ਦੀ ਸ਼ਿਕਾਇਤ ਵੀ ਕੀਤੀ। ਅੰਕਿਤਾ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਅਤੇ ਅਖਬਾਰਾਂ ਦੀ ਕਟਿੰਗਸ ਵੀ ਵੇਖੀਆਂ ਅਤੇ ਕਿਹਾ ਕਿ ਉਸ ਦੇ ਪਿਤਾ ਨੇ ਸ਼ੁਰੂ ਤੋਂ ਹੀ ਉਸ ਨੂੰ ਆਪਣੇ ਸੁਪਨੇ ਪੂਰੇ ਕਰਨ ਵਿਚ ਸਾਥ ਦਿੱਤਾ। ਉਸ ਲਈ ਇਕ ਐਕਟਰ ਬਣਨ ਦਾ ਇਹ ਸਫਰ ਆਸਾਨ ਤਾਂ ਨਹੀਂ ਸੀ ਪਰ ਮਾਂ-ਪਿਓ ਦੀਆਂ ਦੁਆਵਾਂ ਤੇ ਸਾਥ ਨੇ ਇਨ੍ਹਾਂ ਦਾ ਹੌਸਲਾ ਬਹੁਤ ਵਧਾਇਆ। ਅੰਕਿਤਾ ਦੀ ਮੰਮੀ ਦਾ ਕਹਿਣਾ ਹੈ ਕਿ ਆਪਣੇ ਬੱਚੇ ਦੀ ਤਾਰੀਫ ਤਾਂ ਹਰ ਕੋਈ ਕਰਦਾ ਏ ਪਰ ਜਦੋਂ ਹੋਰਨਾਂ ਕੋਲੋਂ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਤੁਹਾਡਾ ਬੱਚਾ ਬਹੁਤ ਟੈਲੇਂਟਿਡ ਹੈ ਤਾਂ ਇਸ ਨਾਲ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।