ਮੁੰਬਈ— ਟੀ. ਵੀ. ਅਭਿਨੇਤਰੀ ਪ੍ਰਤਿਊਸ਼ਾ ਬੈਨਰਜੀ ਦੇ ਬੁਆਏਫਰੈਂਡ ਰਾਹੁਲ ਰਾਜ ਸਿੰਘ ਹੁਣ ਇਕ ਨਵੀਂ ਮੁਸੀਬਤ 'ਚ ਫਸ ਗਏ ਹਨ। ਰਾਹੁਲ 'ਤੇ ਟ੍ਰੈਫਿਕ ਪੁਲਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਜਦੋਂ ਰਾਹੁਲ ਨੂੰ ਫੜਿਆ ਤਾਂ ਉਹ ਗੱਡੀ 'ਚ ਆਪਣੀ ਸਾਬਕਾ ਗਰਲਫਰੈਂਡ ਸਲੋਨੀ ਸ਼ਰਮਾ ਨਾਲ ਸੀ। ਦੱਸਣਯੋਗ ਹੈ ਕਿ ਰਾਹੁਲ ਖਿਲਾਫ ਬੀਤੇ ਪੰਜ ਦਿਨਾਂ 'ਚ ਇਹ ਦੂਜੀ ਐੱਫ. ਆਈ. ਆਰ. ਹੈ। ਰਾਹੁਲ ਖਿਲਾਫ ਹਾਲ ਹੀ 'ਚ ਇਕ 21 ਸਾਲਾ ਲੜਕੀ ਨੇ ਛੇੜਖਾਨੀ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ।
ਦੱਸਣਯੋਗ ਹੈ ਕਿ ਸਾਂਤਾਕਰੂਜ਼ ਪੁਲਸ ਨੇ ਜਦੋਂ ਰਾਹੁਲ ਨੂੰ ਰੋਕ ਕੇ ਦੇਖਿਆ ਤਾਂ ਉਸ ਨੇ ਲਿਮਟ ਤੋਂ ਜ਼ਿਆਦਾ ਸ਼ਰਾਬ ਪੀ ਰੱਖੀ ਸੀ। ਇੰਨਾ ਹੀ ਨਹੀਂ, ਜਦੋਂ ਪੁਲਸ ਨੇ ਜਾਂਚ-ਪੜਤਾਲ ਕੀਤੀ ਤਾਂ ਰਾਹੁਲ ਕੋਲ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ। ਰਾਹੁਲ ਨਾਲ ਉਸ ਦੀ ਸਾਬਕਾ ਗਰਲਫਰੈਂਡ ਸਲੋਨੀ ਸ਼ਰਮਾ ਸੀ। ਸਲੋਨੀ ਨੇ ਪੁਲਸ ਨੂੰ ਕਾਰਵਾਈ ਨਾ ਕਰਨ ਲਈ ਧਮਕੀ ਦਿੰਦਿਆਂ ਮਾਮਲੇ ਦੀ ਸ਼ਿਕਾਇਤ ਸੀਨੀਅਰ ਅਫਸਰਾਂ ਨੂੰ ਕਰਨ ਦੀ ਗੱਲ ਆਖੀ। ਖਬਰ ਹੈ ਕਿ ਰਾਹੁਲ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਲਾਇਸੰਸ ਨਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਓਸ਼ੀਵਾਰਾ ਪੁਲਸ ਥਾਣੇ 'ਚ ਰਾਹੁਲ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਅਸਲ 'ਚ 21 ਸਾਲ ਦੀ ਇਕ ਅਭਿਨੇਤਰੀ ਨੇ ਰਾਹੁਲ 'ਤੇ ਉਸ ਨੂੰ ਤੇ ਉਸ ਦੀ ਪ੍ਰੋਡਿਊਸਰ ਫਰੈਂਡ ਨਾਲ ਛੇੜਛਾੜ ਦਾ ਦੋਸ਼ ਲਗਾਇਆ ਹੈ। ਘਟਨਾ ਅੰਧੇਰੀ ਵੈਸਟ ਦੇ ਬੋਰਾ ਬੋਰਾ ਰੈਸਟਰੋਰੈਂਟ ਦੀ ਹੈ।