ਮੁੰਬਈ- ਆਪਣੇ ਅਨੋਖੇ ਅੰਦਾਜ਼ ਨਾਲ 70 ਅਤੇ 80 ਦੇ ਦਹਾਕੇ 'ਚ ਵੱਖਰੀ ਪਛਾਣ ਬਣਾਉਣ ਵਾਲੀ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਦਾ ਕਹਿਣਾ ਹੈ ਕਿ ਉਹ ਕਰੀਅਰ ਦੇ ਸਿਖਰ 'ਤੇ ਪਹੁੰਚ ਕੇ ਹਮੇਸ਼ਾ ਲਈ ਗਾਇਕੀ ਛੱਡਣਾ ਚਾਹੁੰਦੀ ਸੀ। ਅਨੁਰਾਧਾ ਨੇ 90 ਦੇ ਦਹਾਕੇ ਨੂੰ ਅਲਵਿਦਾ ਕਹਿ ਦਿੱਤਾ ਸੀ ਜਦੋਂ ਬਾਲੀਵੁੱਡ ਵਿਚ ਉਸ ਦਾ ਕਰੀਅਰ ਸਿਖਰ 'ਤੇ ਸੀ। ਜ਼ਿਕਰਯੋਗ ਹੈ ਕਿ ਅਨੁਰਾਧਾ ਨੇ ਸਭ ਤੋਂ ਪਹਿਲਾਂ ਸਾਲ 1973 ਵਿਚ ਅਮਿਤਾਭ ਬੱਚਨ ਅਤੇ ਜਯਾ ਭਾਦੁੜੀ ਅਭਿਨੀਤ ਫਿਲਮ 'ਅਭਿਮਾਨ' ਲਈ ਇਕ ਸਲੋਕ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕਾਲੀਚਰਣ', 'ਆਪ ਬੀਤੀ' ਅਤੇ ਬੇਹੱਦ ਸਫਲ ਫਿਲਮ 'ਹੀਰੋ' ਲਈ ਵੀ ਗਾਣੇ ਗਾਏ।
ਹੁਣ 64 ਸਾਲ ਦੀ ਹੋ ਚੁੱਕੀ ਅਨੁਰਾਧਾ ਨੇ 90 ਦੇ ਦਹਾਕੇ 'ਚ ਗਾਇਕੀ ਨੂੰ ਵਿਦਾ ਕਰਨ ਤੋਂ ਪਹਿਲਾਂ ਲਗਾਤਾਰ 'ਆਸ਼ਕੀ', 'ਦਿਲ ਹੈ ਕਿ ਮਾਨਤਾ ਨਹੀਂ' ਅਤੇ 'ਸਾਜਨ' ਫਿਲਮਾਂ ਦੇ ਲੋਕਪ੍ਰਿਯ ਗੀਤ ਗਾਏ। ਅਨੁਰਾਧਾ ਨੇ ਕਿਹਾ ਕਿ ਮੈਂ 'ਆਸ਼ਕੀ' ਅਤੇ 'ਦਿਲ ਹੈ ਕਿ ਮਾਨਤਾ ਨਹੀਂ' ਸਾਈਨ ਕਰਨ ਤੋਂ ਪਹਿਲਾਂ ਹੀ ਫਿਲਮਾਂ ਲਈ ਗਾਉਣਾ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਫਿਰ ਮੈਂ ਸੋਚਿਆ ਕਿ ਮੈਂ ਆਪਣੇ ਕਰੀਅਰ ਦੇ ਸਿਖਰ 'ਤੇ ਪਹੁੰਚਣ ਤੋਂ ਬਾਅਦ ਗਾਉਣਾ ਛੱਡ ਦੇਵਾਂਗੀ ਪਰ ਉਸ ਦਾ ਕਹਿਣਾ ਹੈ ਕਿ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ।