ਇਸ 'ਚ ਕੋਈ ਸ਼ੱਕ ਨਹੀਂ ਕਿ ਅਨੁਰਾਗ ਸਿੰਘ ਪੰਜਾਬੀ ਫਿਲਮ ਇੰਡਸਟਰੀ ਦੇ ਬਿਹਤਰੀਨ ਨਿਰਦੇਸ਼ਕਾਂ 'ਚੋਂ ਇਕ ਹਨ। ਅਨੁਰਾਗ ਨੇ ਹਿੱਟ ਫਿਲਮਾਂ ਵੀ ਇੰਡਸਟਰੀ ਦੀ ਝੋਲੀ ਪਾਈਆਂ ਹਨ ਤੇ ਕੁਝ ਅਜਿਹੀਆਂ ਫਿਲਮਾਂ ਵੀ ਕੀਤੀਆਂ ਹਨ, ਜੋ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀਆਂ ਨਹੀਂ ਉਤਰੀਆਂ। ਅੱਜ ਅਸੀਂ ਤੁਹਾਨੂੰ ਅਨੁਰਾਗ ਸਿੰਘ ਦੇ ਫਿਲਮੀ ਕਰੀਅਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਸ਼ਾਇਦ ਅਜੇ ਤਕ ਤੁਸੀਂ ਅਣਜਾਣ ਹੋ—
ਬਾਲੀਵੁੱਡ ਡਾਇਰੈਕਟਰ ਰਾਜ ਕੰਵਰ ਨੂੰ ਕੀਤਾ ਅਸਿਸਟ
ਅਨੁਰਾਗ ਬਾਲੀਵੁੱਡ ਨਿਰਦੇਸ਼ਕ ਰਾਜ ਕੰਵਰ ਨੂੰ ਕਈ ਸਾਲ ਅਸਿਸਟ ਕਰ ਚੁੱਕੇ ਹਨ। ਰਾਜ ਕੰਵਰ ਉਹ ਡਾਇਰੈਕਟਰ ਹਨ, ਜਿਨ੍ਹਾਂ ਨੇ ਸੰਨੀ ਦਿਓਲ ਦੀ 'ਜੀਤ', ਸ਼ਾਹਰੁਖ ਖਾਨ ਦੀ 'ਦੀਵਾਨਾ', ਬੌਬੀ ਦਿਓਲ ਦੀ 'ਬਾਦਲ' ਤੇ ਅਨਿਲ ਕਪੂਰ ਦੀ 'ਲਾਡਲਾ' ਸਮੇਤ ਕਈ ਬਲਾਕਬਸਟਰ ਬਾਲੀਵੁੱਡ ਫਿਲਮਾਂ ਬਣਾਈਆਂ ਹਨ। ਸਾਲ 2005 'ਚ ਅਨੁਰਾਗ ਸਿੰਘ ਦਾ ਵਿਆਹ ਮਧੁਰਜੀਤ ਸਰਗੀ ਨਾਲ ਹੋਇਆ, ਜੋ ਪੇਸ਼ੇ ਤੋਂ ਅਭਿਨੇਤਰੀ ਹੈ। ਸਰਗੀ ਨਵਾਜ਼ੂਦੀਨ ਸਿੱਦੀਕੀ ਸਟਾਰਰ ਫਿਲਮ 'ਮੰਟੋ' 'ਚ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ।
ਬਾਲੀਵੁੱਡ ਫਿਲਮਾਂ ਰਹੀਆਂ ਫਲਾਪ
ਸਾਲ 2007 'ਚ ਅਨੁਰਾਗ ਵਲੋਂ ਡਾਇਰੈਕਟ ਕੀਤੀ ਪਹਿਲੀ ਫਿਲਮ ਰਿਲੀਜ਼ ਹੋਈ, ਜਿਸ ਦਾ ਨਾਂ ਸੀ 'ਰਕੀਬ'। ਇਹ ਇਕ ਬਾਲੀਵੁੱਡ ਫਿਲਮ ਸੀ, ਜਿਸ 'ਚ ਜਿੰਮੀ ਸ਼ੇਰਗਿੱਲ ਨੇ ਮੁੱਖ ਭੂਮਿਕਾ ਨਿਭਾਈ ਸੀ। ਅਨੁਰਾਗ ਵਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2009 'ਚ ਇਕ ਹੋਰ ਬਾਲੀਵੁੱਡ ਫਿਲਮ ਡਾਇਰੈਕਟ ਕੀਤੀ, ਜਿਸ ਦਾ ਨਾਂ 'ਦਿਲ ਬੋਲੇ ਹੜਿੱਪਾ' ਸੀ। ਇਸ ਫਿਲਮ 'ਚ ਸ਼ਾਹਿਦ ਕਪੂਰ ਤੇ ਰਾਣੀ ਮੁਖਰਜੀ ਨੇ ਮੁੱਖ ਭੂਮਿਕਾ ਨਿਭਾਈ। ਇਸ ਫਿਲਮ ਨੇ ਮੁੜ ਦਰਸ਼ਕਾਂ ਨੂੰ ਨਿਰਾਸ਼ ਕੀਤਾ ਤੇ ਅਨੁਰਾਗ ਸਿੰਘ ਨੂੰ ਵੀ।
ਪੰਜਾਬੀ ਇੰਡਸਟਰੀ 'ਚ ਆਉਂਦਿਆਂ ਹੀ ਚਮਕਿਆ ਸਿਤਾਰਾ
ਅਨੁਰਾਗ ਸਿੰਘ ਦੀ ਕਿਸਮਤ ਉਦੋਂ ਬਦਲੀ, ਜਦੋਂ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ। ਅਨੁਰਾਗ ਵਲੋਂ ਡਾਇਰੈਕਟ ਕੀਤੀ ਗਈ ਪਹਿਲੀ ਪੰਜਾਬੀ ਫਿਲਮ 'ਯਾਰ ਅਣਮੁੱਲੇ' ਸੀ, ਜਿਸ ਨੇ ਬਾਕਸ ਆਫਿਸ 'ਤੇ ਭੂਚਾਲ ਲਿਆ ਦਿੱਤਾ। ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੀ ਇਸ ਫਿਲਮ ਰਾਹੀਂ ਆਰੀਅਨ ਬੱਬਰ ਨੇ ਵੀ ਪਾਲੀਵੁੱਡ 'ਚ ਕਦਮ ਰੱਖਿਆ ਸੀ। 'ਯਾਰ ਅਣਮੁੱਲੇ' ਫਿਲਮ ਤੋਂ ਬਾਅਦ ਅਨੁਰਾਗ ਦਾ ਮੇਲ ਦਿਲਜੀਤ ਦੁਸਾਂਝ ਨਾਲ ਹੋਇਆ। ਦੋਵਾਂ ਦੀ ਯਾਰੀ ਇੰਨੀ ਡੂੰਘੀ ਪੈ ਗਈ ਕਿ ਅਨੁਰਾਗ ਵਲੋਂ ਹੁਣ ਤਕ ਡਾਇਰੈਕਟ ਹਰ ਪੰਜਾਬੀ ਫਿਲਮ 'ਚ ਦਿਲਜੀਤ ਦੁਸਾਂਝ ਨਜ਼ਰ ਆ ਰਹੇ ਹਨ। 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਡਿਸਕੋ ਸਿੰਘ', 'ਪੰਜਾਬ 1984' ਤੇ 'ਸੁਪਰ ਸਿੰਘ' ਅਨੁਰਾਗ ਸਿੰਘ ਵਲੋਂ ਡਾਇਰੈਕਟ ਕੀਤੀਆਂ ਗਈਆਂ ਪੰਜਾਬੀ ਫਿਲਮਾਂ ਹਨ। ਇਨ੍ਹਾਂ 'ਚੋਂ ਸਿਰਫ ਇਕ ਪੰਜਾਬੀ ਫਿਲਮ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਦਾ ਨਾਂ ਹੈ 'ਡਿਸਕੋ ਸਿੰਘ'। 'ਡਿਸਕੋ ਸਿੰਘ' ਸ਼ਾਇਦ ਉਸ ਤਰ੍ਹਾਂ ਦੀ ਫਿਲਮ ਲੋਕਾਂ ਨੂੰ ਨਹੀਂ ਲੱਗੀ, ਜਿਸ ਲਈ ਅਨੁਰਾਗ ਸਿੰਘ ਤੇ ਦਿਲਜੀਤ ਦੁਸਾਂਝ ਜਾਣੇ ਜਾਂਦੇ ਹਨ।
'ਕੇਸਰੀ' ਅਨੁਰਾਗ ਸਿੰਘ ਦੀ ਮਹੱਤਵਪੂਰਨ ਫਿਲਮ
ਅਨੁਰਾਗ ਦੀ ਆਉਣ ਵਾਲੀ ਮਹੱਤਵਪੂਰਨ ਫਿਲਮ 'ਕੇਸਰੀ' ਹੈ। 'ਕੇਸਰੀ' ਇਕ ਬਾਲੀਵੁੱਡ ਫਿਲਮ ਹੈ, ਜਿਸ 'ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਸਾਰਾਗੜ੍ਹੀ ਦੇ ਯੁੱਧ 'ਤੇ ਆਧਾਰਿਤ 'ਕੇਸਰੀ' ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਅਨੁਰਾਗ ਦਾ ਬਾਲੀਵੁੱਡ ਰਿਕਾਰਡ ਇੰਨਾ ਠੀਕ ਨਹੀਂ ਰਿਹਾ ਹੈ ਪਰ ਉਨ੍ਹਾਂ ਦੀਆਂ ਪਿਛਲੀਆਂ ਪੰਜਾਬੀ ਫਿਲਮਾਂ ਨੂੰ ਦੇਖਦਿਆਂ ਤੇ ਤਜਰਬੇ ਨੂੰ ਮੁੱਖ ਰੱਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਇਦ 'ਕੇਸਰੀ' ਅਨੁਰਾਗ ਸਿੰਘ ਦੇ ਕਰੀਅਰ ਲਈ ਗੇਮ ਚੇਂਜਿੰਗ ਫਿਲਮ ਸਾਬਿਤ ਹੋ ਸਕਦੀ ਹੈ।