FacebookTwitterg+Mail

'ਫਿਲੌਰੀ' ਤੋਂ ਬਾਅਦ 'ਪਰੀ' ਨਾਲ ਡਰਾਉਣ ਆ ਰਹੀ ਹੈ ਅਨੁਸ਼ਕਾ ਸ਼ਰਮਾ

anushka sharma
28 February, 2018 09:07:08 AM

ਮੁੰਬਈ(ਬਿਊਰੋ)— ਅਨੁਸ਼ਕਾ ਸ਼ਰਮਾ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਰੀ“: ਨੌਟ ਏ ਫੇਰੀ ਟੇਲ' ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਅਨੁਸ਼ਕਾ ਦੀ ਹੋਮ ਪ੍ਰੋਡਕਸ਼ਨ ਦੀ ਤੀਸਰੀ ਫਿਲਮ 'ਪਰੀ' ਇਕ ਐਟਮੋਸਫੇਰਿਕ ਹਾਰਰ ਫਿਲਮ ਹੈ। ਫਿਲਮ ਦੀ ਪਹਿਲੀ ਲੁੱਕ ਜਾਰੀ ਹੋਣ ਤੋਂ ਬਾਅਦ ਹੀ ਅਨੁਸ਼ਕਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ 'ਚ ਅਨੁਸ਼ਕਾ ਭੂਤੀਆ ਅਵਤਾਰ ਤੋਂ ਲੈ ਕੇ ਇਕ ਡਰੀ ਹੋਈ ਲੜਕੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਅਨੁਸ਼ਕਾ ਦੇ ਨਾਲ ਪ੍ਰਸਿੱਧ ਬੰਗਾਲੀ ਅਭਿਨੇਤਾ ਪਰਮਬ੍ਰਤ ਚੈਟਰਜੀ ਵੀ ਫਿਲਮ 'ਚ ਨਜ਼ਰ ਆਏਗਾ। 'ਪਰੀ' ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ ਅਤੇ ਫਿਲਮ ਕਲੀਨ ਸਲੇਟ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਹੁਣ ਤੱਕ ਜਾਰੀ ਆਪਣੇ ਪੋਸਟਰ, ਟੀਜ਼ਰ ਅਤੇ ਟ੍ਰੇਲਰ ਨਾਲ ਅਨੁਸ਼ਕਾ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਡਰਾ ਚੁੱਕੀ ਹੈ ਅਤੇ ਹੁਣ ਉਸ ਦੇ ਪ੍ਰਸ਼ੰਸਕ 2 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਂਝ ਦੇਖਿਆ ਜਾਵੇ ਤਾਂ ਭੂਤਾਂ 'ਤੇ ਅਨੁਸ਼ਕਾ ਦੀ ਇਹ ਦੂਸਰੀ ਫਿਲਮ ਹੈ। ਇਸ ਤੋਂ ਪਹਿਲਾਂ 'ਫਿਲੌਰੀ' ਵਿਚ ਅਨੁਸ਼ਕਾ ਫ੍ਰੈਂਡਲੀ ਭੂਤ ਦੇ ਕਿਰਦਾਰ 'ਚ ਨਜ਼ਰ ਆਈ ਸੀ। 
ਕਈ ਰੂਪ ਦੇਖਣ ਨੂੰ ਮਿਲਣਗੇ
ਇਸ ਫਿਲਮ 'ਚ ਅਨੁਸ਼ਕਾ ਦੇ ਕਈ ਰੂਪ ਦੇਖਣ ਨੂੰ ਮਿਲਣਗੇ ਪਰ 'ਪਰੀ' ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਕ ਅਨੁਸ਼ਕਾ ਨੂੰ ਭੁੱਲ ਕੇ ਉਸ ਦੇ ਕਿਰਦਾਰ 'ਰੁਖ਼ਸਾਨਾ' ਨੂੰ ਯਾਦ ਕਰਨਗੇ। ਬ੍ਰਿਟਿਸ਼ ਪ੍ਰੋਸਥੈਟਿਕ ਡਿਜ਼ਾਈਨਰ ਕਲੋਵਰ ਵਾਟਸਨ ਨੇ ਦੱਸਿਆ ਕਿ ਸਾਨੂੰ ਅਨੁਸ਼ਕਾ ਦੇ ਚਿਹਰੇ ਨਾਲ ਜ਼ਿਆਦਾ ਐਕਸਪੈਰੀਮੈਂਟ ਨਹੀਂ ਕਰਨਾ ਪਿਆ। ਹਾਲਾਂਕਿ ਇਹ ਮੇਕਅੱਪ ਵੀ ਓਨਾ ਆਸਾਨ ਨਹੀਂ ਸੀ। ਉਸ ਦਾ ਚਿਹਰਾ ਬਹੁਤ ਸੁੰਦਰ ਹੈ। ਅਸੀਂ ਬਸ ਉਸ ਦੇ ਆਈਬ੍ਰੋਜ਼ ਨੂੰ ਥੋੜ੍ਹਾ ਫੈਲਾਅ ਦਿੱਤਾ, ਅੱਖਾਂ 'ਚ ਲੈੱਨਜ਼ ਪਾ ਦਿੱਤੇ ਅਤੇ ਅੱਖਾਂ ਦੇ ਹੇਠਾਂ ਰੰਗ ਗੂੜ੍ਹਾ ਕਰ ਦਿੱਤਾ ਤਾਂ ਕਿ ਉਹ ਥੱਕੀ ਹੋਈ ਨਜ਼ਰ ਆਏ। ਅਸੀਂ ਬੁੱਲ੍ਹਾਂ ਨੂੰ ਥੋੜ੍ਹਾ ਬਲਰ ਕਰ ਦਿੱਤਾ, ਜਿਸ ਨਾਲ ਬੁੱਲ੍ਹ ਸੁੱਕੇ ਹੋਏ ਨਜ਼ਰ ਆਉਣ। ਉਥੇ ਹੀ ਦ੍ਰਿਸ਼ ਦੀ ਮੰਗ ਅਨੁਸਾਰ ਉਸ ਦੀਆਂ ਗੱਲ੍ਹਾਂ ਨੂੰ ਥੋੜ੍ਹਾ ਪਿੰਕ ਕਰ ਦਿੱਤਾ ਗਿਆ। ਇਸ ਤੋਂ ਜ਼ਿਆਦਾ ਅਸੀਂ ਕੋਈ ਐਕਸਪੈਰੀਮੈਂਟ ਉਸ ਦੇ ਚਿਹਰੇ ਨਾਲ ਨਹੀਂ ਕੀਤਾ। ਫਿਲਮ 'ਚ ਅਨੁਸ਼ਕਾ ਬਿਲਕੁਲ ਵੱਖਰੀ ਨਜ਼ਰ ਆਏਗੀ। ਅਨੁਸ਼ਕਾ ਦੇ ਵਾਲ ਗੰਦੇ, ਸਕਿਨ ਪੀਲੀ ਅਤੇ ਰੁੱਖੀ ਦਿਖਾਉਣ ਦੇ ਨਾਲ-ਨਾਲ ਉਸ ਨੂੰ ਆਕਰਸ਼ਕ ਦਿਖਾਉਣਾ ਵੀ ਜ਼ਰੂਰੀ ਹੈ।
ਡਰ ਨਾਲ ਨਿਕਲ ਸਕਦੀ ਹੈ ਚੀਕ
ਇਸ 'ਚ ਅਨੁਸ਼ਕਾ ਖੁਦ ਡਰਦੀ ਵੀ ਹੈ ਅਤੇ ਡਰਾਉਂਦੀ ਵੀ ਹੈ। ਪਰੀ 'ਚ ਦਰਸ਼ਕਾਂ ਨੂੰ ਅਨੁਸ਼ਕਾ ਦਾ ਇਕ ਅਜਿਹਾ ਅਵਤਾਰ ਦੇਖਣ ਨੂੰ ਮਿਲੇਗਾ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਫਿਲਮ ਆਪਣੇ ਨਾਂ ਤੋਂ ਬਿਲਕੁਲ ਉਲਟ ਹੈ। ਪਰੀ ਸੁਣਦੇ ਸਾਰ ਹੀ ਸਾਡੇ ਦਿਮਾਗ 'ਚ ਇਕ ਖੂਬਸੂਰਤ ਲੜਕੀ ਦੀ ਤਸਵੀਰ ਆ ਜਾਂਦੀ ਹੈ ਪਰ ਫਿਲਮ 'ਚ ਅਨੁਸ਼ਕਾ ਦਾ ਖੂਬਸੂਰਤ ਨਹੀਂ ਬਲਕਿ ਡਰਾਉਣਾ ਅਕਸ ਦਿਸੇਗਾ, ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਫਿਲਮ 'ਚ ਅਨੁਸ਼ਕਾ ਦਾ ਨਾਂ ਪਰੀ ਨਹੀਂ, ਰੁਖ਼ਸਾਨਾ ਹੈ। ਇਕ ਦ੍ਰਿਸ਼ 'ਚ ਰੁਖ਼ਸਾਨਾ ਚਾਂਦਨੀ ਰਾਤ 'ਚ ਇਕ ਉੱਚੀ ਬਿਲਡਿੰਗ ਦੀ ਖਿੜਕੀ 'ਤੇ ਬੈਠੀ ਨਜ਼ਰ ਆਏਗੀ। ਰੇਲਿੰਗ 'ਤੇ ਬੈਠਣ ਦਾ ਉਸ ਦਾ ਅੰਦਾਜ਼ ਜਿੰਨਾ ਡਰਾਉਣਾ ਹੈ, ਉਸ ਨਾਲੋਂ ਜ਼ਿਆਦਾ ਡਰਾਉਣੀਆਂ ਹਨ ਉਸਦੀਆਂ ਖੂਨੀ ਅੱਖਾਂ।
ਡਰਾਉਣੀ ਹੈ ਕਹਾਣੀ
ਇਹ ਇਕ ਹਾਰਰ ਫਿਲਮ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਫਿਲਮ ਸਿਰਫ ਡਰ 'ਤੇ ਆਧਾਰਿਤ ਹੋਵੇਗੀ ਪਰ ਪਹਿਲੀ ਵਾਰ ਬਾਲੀਵੁੱਡ ਦੀ ਇਕ ਏ-ਲਿਸਟ ਅਭਿਨੇਤਰੀ ਕਿਸੇ ਹਾਰਰ ਫਿਲਮ 'ਚ ਦਰਸ਼ਕਾਂ ਨੂੰ ਡਰਾਏਗੀ। ਬਾਲੀਵੁੱਡ ਦੀ ਇਹ ਸੁੰਦਰੀ ਲੋਕਾਂ ਨੂੰ ਡਰਾਉਣ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਹ ਪਰੀ ਕਿਸੇ ਨੂੰ ਜ਼ੰਜੀਰਾਂ 'ਚ ਜਕੜਦੀ ਹੈ ਤਾਂ ਕਦੇ ਛੋਟੇ ਬੱਚੇ ਦੀ ਦੁੱਧ ਦੀ ਬੋਤਲ 'ਚ ਖੂਨ ਭਰ ਕੇ ਪੀਂਦੀ ਹੈ। ਇਸ ਪਰੀ ਦੀ ਕਹਾਣੀ ਬਹੁਤ ਡਰਾਉਣੀ ਹੈ।
ਅਨੁਸ਼ਕਾ ਨੇ ਕੀਤਾ ਰਜਤ ਨੂੰ ਹੈਰਾਨ
ਕਿਸੇ ਅਭਿਨੇਤਾ ਲਈ ਇੰਡਸਟਰੀ 'ਚ ਦੂਜੇ ਅਭਿਨੇਤਾ ਨੂੰ ਹੈਰਾਨ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਅਨੁਸ਼ਕਾ ਨੇ ਅਜਿਹਾ ਕਰ ਕੇ ਦਿਖਾਇਆ ਹੈ। ਅਨੁਸ਼ਕਾ ਨੇ ਦਿੱਗਜ ਅਭਿਨੇਤਾ ਰਜਤ ਕਪੂਰ ਨੂੰ ਆਪਣੇ ਦਮਦਾਰ ਅਭਿਨੈ ਨਾਲ ਹੈਰਾਨ ਕਰ ਦਿੱਤਾ। ਅਨੁਸ਼ਕਾ ਦਾ ਮੇਕਅੱਪ ਤੇ ਅਭਿਨੈ ਇੰਨਾ ਲਾਜਵਾਬ ਸੀ ਕਿ ਇਕ ਵਾਰ ਤਾਂ ਸੈੱਟ 'ਤੇ ਮੌਜੂਦ ਰਜਤ ਕਪੂਰ ਵੀ ਉਸ ਨੂੰ ਪਛਾਣ ਨਹੀਂ ਸਕਿਆ।
'ਪਰੀ' ਲਈ ਡ੍ਰੀਮ ਟੀਮ
~'ਪਰੀ' ਆਪਣੇ ਨਾਂ ਵਾਂਗ ਕੋਈ ਸੁਪਨਿਆਂ ਦੀ ਕਹਾਣੀ ਨਹੀਂ ਹੈ ਪਰ ਇਸ ਲਈ ਇਕ ਡ੍ਰੀਮ ਟੀਮ ਨੇ ਕੰਮ ਜ਼ਰੂਰ ਕੀਤਾ ਹੈ। ਨਿਰਦੇਸ਼ਨ 'ਚ ਡੈਬਿਊ ਕਰਨ ਵਾਲੇ ਪ੍ਰੋਸਿਤ ਰਾਏ ਦਾ ਕਹਿਣਾ ਹੈ ਕਿ ਬਿਨਾਂ ਆਪਣੀ ਟੀਮ ਦੇ ਉਹ ਫਿਲਮ ਪੂਰੀ ਨਹੀਂ ਕਰ ਸਕਦਾ ਸੀ। ਉਸ ਦਾ ਕਹਿਣਾ ਹੈ ਕਿ 'ਪਰੀ' ਨੇ ਮੈਨੂੰ ਪੂਰੀ ਜ਼ਿੰਦਗੀ ਲਈ ਵਿਗਾੜ ਦਿੱਤਾ ਹੈ। ਹੁਣ ਮੈਂ ਕਦੇ ਵੀ ਉਨ੍ਹਾਂ ਲੋਕਾਂ ਨਾਲ ਕੰਮ ਕਰਨ ਦੇ ਸਮਰੱਥ ਨਹੀਂ ਹੋਵਾਂਗਾ, ਜੋ ਇਸ ਟੀਮ ਵਾਂਗ ਕੰਮ ਨਹੀਂ ਕਰਨਗੇ।
'ਫਿਲੌਰੀ' ਕਾਰਨ ਸੰਭਵ ਹੋਈ 'ਪਰੀ'
ਸਾਰੇ ਜਾਣਦੇ ਹਨ ਕਿ ਪ੍ਰੋਸਿਤ ਰਾਏ ਨੇ 'ਫਿਲੌਰੀ' ਵਿਚ ਡਾਇਰੈਕਟਰ ਅੰਸ਼ਾਈ ਲਾਲ ਦੀ ਸਹਾਇਤਾ ਕੀਤੀ ਸੀ ਪਰ ਕੁਝ ਲੋਕ ਹੀ ਇਹ ਗੱਲ ਜਾਣਦੇ ਹਨ ਕਿ ਉਸੇ ਦੌਰਾਨ ਪ੍ਰੋਸਿਤ ਰਾਏ ਨੇ ਆਪਣੇ ਇਸ ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਹਰ ਕਿਸੇ ਦਾ ਇਕ ਸੁਪਨਾ ਹੁੰਦਾ ਹੈ ਪਰ ਕਦੇ-ਕਦੇ ਉਹ ਇੰਨੀ ਆਸਾਨੀ ਨਾਲ ਪੂਰਾ ਨਹੀਂ ਹੁੰਦਾ। ਮੈ ਇਹ ਫਿਲਮ ਬਣਾਉਣੀ ਸੀ ਪਰ ਵੀ. ਐੱਫ. ਐਕਸ ਅਤੇ ਐਕਸ਼ਨ ਸੀਨ ਕੋਰੀਓਗ੍ਰਾਫ ਕਰਨ ਦੇ ਮਾਮਲੇ 'ਚ ਮੈਂ ਅਣਜਾਣ ਸੀ, ਸਿਰਫ ਓਨਾ ਹੀ ਜਾਣਦਾ ਸੀ, ਜਿੰਨਾ ਮੈਂ ਪੜ੍ਹਿਆ ਸੀ। ਫਿਲੌਰੀ 'ਚ ਕੰਮ ਕਰਨ ਤੋਂ ਬਾਅਦ ਮੈਨੂੰ ਤਜਰਬਾ ਹੋਇਆ ਅਤੇ ਮੈਂ ਇਸ ਮੰਜ਼ਿਲ ਤੱਕ ਪਹੁੰਚਿਆ, ਜਿਥੇ ਮੈਂ ਆਪਣੀ ਫਿਲਮ ਸ਼ੂਟ ਕਰ ਸਕਦਾ ਸੀ। 'ਪਰੀ' ਉਸ ਦਾ ਇਕ ਅਨਿੱਖੜਵਾਂ ਅੰਗ ਹੈ।


Tags: Anushka SharmaPariParambrata ChatterjeePhillauriProsit Royਅਨੁਸ਼ਕਾ ਸ਼ਰਮਾਪਰੀ

Edited By

Chanda Verma

Chanda Verma is News Editor at Jagbani.