ਮੁੰਬਈ (ਬਿਊਰੋ) - ਕਮੇਡੀਅਨ ਕਪਿਲ ਸ਼ਰਮਾ ਦੇ ਚਰਚਿਤ ਟੀ. ਵੀ. ਸ਼ੋਅ ਦਿ ਕਪਿਲ ਸ਼ਰਮਾ ਸ਼ੋਅ 'ਚ ਹਾਲ ਦੇ ਦਿਨਾਂ 'ਚ ਜੱਜ ਦੀ ਕੁਰਸੀ 'ਤੇ ਨਜ਼ਰ ਆ ਰਹੀ ਅਰਚਨਾ ਪੂਰਨ ਸਿੰਘ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦਾ ਖੂਬਸੂਰਤ ਕਿੱਸਾ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸ਼ਨੀਵਾਰ ਨੂੰ ਸ਼ੋਅ 'ਚ ਅਰਚਨਾ ਪੂਰਨ ਸਿੰਘ ਨੇ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ 'ਉਸ ਦੀ ਪਹਿਲੀ ਕਮਾਈ 100 ਰੁਪਏ ਸੀ।
ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਆਏ ਮਹਿਮਾਨਾਂ ਤੋਂ ਸਵਾਲ ਕੀਤਾ ਕਿ ਉਨ੍ਹਾਂ ਦੀ ਪਹਿਲੀ ਕਮਾਈ ਕਿੰਨੀ ਸੀ।' ਸ਼ੋਅ 'ਚ ਮਹਿਮਾਨ ਸੋਨਾਕਸ਼ੀ ਸਿਨ੍ਹਾ ਅਤੇ ਬਾਦਸ਼ਾਹ ਨੇ ਆਪਣੀ ਪਹਿਲੀ ਕਮਾਈ ਬਾਰੇ ਦੱਸਿਆ। ਜਦੋਂ ਇਹ ਸਵਾਲ ਅਰਚਨਾ ਪੂਰਨ ਸਿੰਘ ਕੋਲ ਪਹੁੰਚਿਆ ਤਾਂ ਉਨ੍ਹਾਂ ਦੱਸਿਆ ਕਿ 'ਮੈਨੂੰ ਪਹਿਲੀ ਵਾਰ 100 ਰੁਪਏ ਮਿਲੇ ਸਨ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ।
ਅਰਚਨਾ ਦਾ ਕਹਿਣਾ ਸੀ ਕਿ ਮੈਂ ਬਾਲੀਵੁੱਡ ਅਦਾਕਾਰ ਓਮ ਪੁਰੀ ਜੀ ਨਾਲ ਕੰਮ ਕੀਤਾ ਸੀ। ਮੇਰਾ ਕਿਰਦਾਰ ਸਿਰਫ ਇਕ ਪਾਸੇ ਖੜ੍ਹੇ ਰਹਿਣ ਦਾ ਸੀ। 10 ਸਾਲ ਬਾਅਦ ਮੈਂ ਓਮ ਪੁਰੀ ਦੇ ਨਾਲ ਬਤੌਰ ਲੀਡ ਕਿਰਦਾਰ ਕੰਮ ਕੀਤਾ।'
ਦੱਸ ਦਈਏ ਕਿ ਅਰਚਨਾ ਪੂਰਨ ਸਿੰਘ ਦੀ ਇਹ ਗੱਲ ਸੁਣ ਕੇ ਪੂਰਾ ਹਾਲ ਤਾੜੀਆਂ ਨਾਲ ਗੂੰਝ ਉੱਠਿਆ। ਕਪਿਲ ਸ਼ਰਮਾ ਨੇ ਵੀ ਇਸ ਐਪੀਸੋਡ 'ਚ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ 'ਚ ਛਪਾਈ ਦੇ ਕਾਰਖਾਨੇ 'ਚ ਕੰਮ ਕੀਤਾ ਸੀ, ਜਿਸ ਲਈ ਉਨ੍ਹਾਂ ਦੀ ਪਹਿਲੀ ਤਨਖਾਹ 1500 ਰੁਪਏ ਮਿਲੀ ਸੀ।
ਇਸ ਦੇ ਨਾਲ ਹੀ ਬਾਦਸ਼ਾਹ ਅਤੇ ਸੋਨਾਕਸ਼ੀ ਸਿਨ੍ਹਾ ਨੇ ਵੀ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਹੈ।