ਮੁੰਬਈ- ਅਦਾਕਾਰਾ ਅਰਚਨਾ ਪੂਰਨ ਸਿੰਘ 54 ਸਾਲ ਦੀ ਹੋ ਗਈ ਹੈ। 26 ਸਤੰਬਰ 1962 ਨੂੰ ਦਹਿਰਾਦੂਨ, ਉਤਰਾਖੰਡ 'ਚ ਜਨਮੀ ਅਰਚਨਾ ਟੀ. ਵੀ. ਪੇਸ਼ਕਾਰ ਅਤੇ ਬਾਲੀਵੁੱਡ ਫਿਲਮਾਂ 'ਚ ਕਾਮੇਡੀ ਲਈ ਜਾਣੀ ਜਾਂਦੀ ਹੈ। ਉਹ ਟੀ. ਵੀ. 'ਤੇ 'ਕਾਮੇਡੀ ਸਰਕਸ' ਜਿਹੇ ਸ਼ੋਅਜ਼ ਨੂੰ ਜੱਜ ਕਰ ਚੁੱਕੀ ਹੈ ਅਤੇ ਬਾਲੀਵੁੱਡ 'ਚ 'ਕੁਛ ਕੁਛ ਹੋਤਾ ਹੈ' ਅਤੇ 'ਬੋਲ ਬੱਚਨ' ਜਿਹੀਆਂ ਫਿਲਮਾਂ 'ਚ ਕਾਮੇਡੀ ਨਾਲ ਲੋਕਾਂ ਨੂੰ ਹਸਾ ਚੁੱਕੀ ਹੈ।
ਇਸ਼ਤਿਹਾਰ ਦੇ ਬਾਅਦ ਮਸ਼ਹੂਰ ਹੋਈ ਅਰਚਨਾ
ਤੁਹਾਨੂੰ ਦੱਸ ਦਈਏ ਕਿ ਮੁੰਬਈ 'ਚ ਅਰਚਨਾ ਨੇ ਸ਼ੁਰੂਆਤੀ ਕਰਿਅਰ 'ਚ ਕਈ ਇਸ਼ਤਿਹਾਰੀ ਫਿਲਮਾਂ ਕੀਤੀਆਂ ਹਨ ਪਰ ਉਨ੍ਹਾਂ ਨੂੰ ਸਫਲਤਾ 'ਬੈਂਡ ਐਡ' ਨਾਲ ਮਿਲੀ ਸੀ। ਇੱਥੇ ਉਨ੍ਹਾਂ ਦੇ ਟੈਲੇਂਟ ਨੂੰ ਨੋਟਿਸ ਕੀਤਾ ਗਿਆ ਅਤੇ ਉਨ੍ਹਾਂ ਨੂੰ ਟੀ. ਵੀ. ਸ਼ੋਅ 'ਮਿਸਟਰ ਐਂਡ ਮਿਸੇਜ' 'ਚ ਰੋਲ ਮਿਲ ਗਿਆ। ਪੰਕਜ ਪੁਸ਼ਕਰ ਦਾ ਸ਼ੋਅ 'ਕਰਮਚੰਦ' ਅਰਚਨਾ ਲਈ ਵੱਡਾ ਬ੍ਰੇਕ ਸੀ।
ਬਾਲੀਵੁੱਡ 'ਚ ਪਛਾਣ
1987 'ਚ ਅਰਚਨਾ ਨੇ ਆਦਿਤਿਆ ਪੰਚੋਲੀ ਨਾਲ ਟੀ. ਵੀ. ਫ਼ਿਲਮ 'ਅਭਿਸ਼ੇਕ' 'ਚ ਲੀਡ ਰੋਲ ਅਦਾ ਕੀਤਾ ਸੀ। ਇਸ ਦੇ ਬਾਅਦ ਉਹ ਨਸੀਰੂਦੀਨ ਸ਼ਾਹ ਦੇ ਅਪੋਜ਼ਿਟ 'ਜਲਵਾ' 'ਚ ਲੀਡ ਰੋਲ ਕਰਦੀ ਨਜ਼ਰ ਆਈ। ਫਿਲਮ 'ਜਲਵਾ' ਸੁਪਰਹਿੱਟ ਰਹੀ ਅਤੇ ਅਰਚਨਾ ਦਿਨਾਂ 'ਚ ਹੀ ਵੱਡੀ ਅਦਾਕਾਰਾ ਬਣ ਗਈ। ਇਸ ਤੋਂ ਇਲਾਵਾ 1980 'ਚ ਆਈ ਫਿਲਮ 'ਆਗ ਕਾ ਗੋਲਾ' 'ਚ ਅਰਚਨਾ ਅਤੇ ਸੰਨੀ ਦਿਓਲ ਦਾ ਕਿਸਿੰਗ ਸੀਨ ਵੀ ਹੈ ਅਤੇ ਇਸ ਦੇ ਇਲਾਵਾ ਅਰਚਨਾ 'ਰਾਤ ਕੇ ਗੁਨਾਹ' ਜਿਹੀਆਂ ਬੀ-ਗ੍ਰੈਡ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।