ਜਲੰਧਰ (ਬਿਊਰੋ) — 'ਕਚਹਿਰੀਆਂ ਵਿਚ ਮੇਲੇ ਲੱਗਦੇ', 'ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ', 'ਕਿਨਾਂ ਦੀ ਕੁੜੀ ਆ ਭਾਬੀ' ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ, ਜਿਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕਾਂ ਦੇ ਕੰਨਾਂ 'ਚ ਗੂੰਜਦੇ ਹਨ। ਪੁੱਤ ਅਰਮਾਨ ਢਿੱਲੋਂ ਵੱਲੋਂ ਪਿਤਾ ਦੇ ਜਨਮਦਿਨ 'ਤੇ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅਰਮਾਨ ਢਿੱਲੋਂ ਨੇ ਲਿਖਿਆ ਹੈ, 'ਹੈਪੀ ਬਰਥਡੇਅ ਡੈਡੀ, ਬਹੁਤ ਜ਼ਿਆਦਾ ਯਾਦ ਕਰਦਾ ਹਾਂ, ਲਵ ਯੂ ਡੈਡੀ #kulwinderdhillon #dhillon।' ਅਰਮਾਨ ਢਿੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਮਰਹੂਮ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਹ ਬਹੁਤ ਛੋਟਾ ਸੀ ਜਦੋਂ ਕੁਲਵਿੰਦਰ ਢਿੱਲੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ।
ਕੁਲਵਿੰਦਰ ਢਿੱਲੋਂ ਪੰਜਾਬੀ ਸੰਗੀਤ ਜਗਤ ਦੇ ਉਹ ਚਮਕਦੇ ਹੋਏ ਸਿਤਾਰੇ ਸਨ, ਜਿਨ੍ਹਾਂ ਦੀ ਯਾਦਾਂ ਅੱਜ ਵੀ ਦਰਸ਼ਕਾਂ ਦੇ ਜ਼ਹਿਨ 'ਚ ਤਾਜ਼ਾ ਹੈ। ਲਗਭਗ 31 ਕੁ ਸਾਲਾਂ ਦੀ ਉਮਰ 'ਚ ਉਹ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਮੌਤ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ। ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ 'ਗਰੀਬਾਂ ਨੇ ਕੀ ਪਿਆਰ ਕਰਨਾ' ਐਲਬਮ ਨਾਲ ਸ਼ੁਰੂ ਕੀਤਾ ਸੀ। ਜ਼ਿੰਦਗੀ ਦੇ ਛੋਟੇ ਜਿਹੇ ਸਫ਼ਰ 'ਚ ਹੀ ਉਨ੍ਹਾਂ ਨੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਬਿਹਤਰੀਨ ਗੀਤ ਦਿੱਤੇ ਹਨ। ਆਪਣੇ ਪਿਤਾ ਵਾਂਗ ਅਰਮਾਨ ਢਿੱਲੋਂ ਵੀ ਬੁਲੰਦ ਆਵਾਜ਼ ਦੇ ਮਾਲਿਕ ਹਨ।