ਮੁੰਬਈ (ਬਿਊਰੋ)— ਅਰਮਾਨ ਕੋਹਲੀ ਦੀ ਪ੍ਰੇਮਿਕਾ ਨੀਰੂ ਰੰਧਾਵਾ ਨੇ ਹੁਣ ਮੀਡੀਆ 'ਚ ਕੁਝ ਨਵੇਂ ਖੁਲਾਸਾ ਕੀਤੇ ਹਨ। ਅਰਮਾਨ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਨੀਰੂ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਅਰਮਾਨ ਦੀ ਪ੍ਰੇਮਿਕਾ ਰਹਿ ਚੁੱਕੀ ਕਾਜੋਲ ਦੀ ਭੈਣ ਤਨਿਸ਼ਾ ਮੁਖਰਜੀ ਨਾਲ ਵੀ ਅਰਮਾਨ ਕੁੱਟਮਾਰ ਕਰ ਚੁੱਕੇ ਹਨ। ਅਰਮਾਨ, ਤਨਿਸ਼ਾ 'ਤੇ ਵੀ ਹੱਥ ਚੁੱਕਦੇ ਹੁੰਦੇ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਅਰਮਾਨ ਦੇ ਬੀਤੇ ਕੱਲ ਬਾਰੇ ਨੀਰੂ ਨੂੰ ਇੰਨਾ ਕੁਝ ਕਿਥੋਂ ਪਤਾ ਲੱਗਾ?
ਜਾਣਕਾਰੀ ਮੁਤਾਬਕ ਅਰਮਾਨ ਦੇ ਘਰ ਦੇ ਨੌਕਰਾਂ ਨੇ ਇਸ ਬਾਰੇ ਨੀਰੂ ਨੂੰ ਦੱਸਿਆ ਸੀ। ਇਸੇ ਦੇ ਨਾਲ ਹੀ ਅਰਮਾਨ ਅਤੇ ਤਨਿਸ਼ਾ ਨੂੰ ਜਾਣਨ ਵਾਲੇ ਕੁਝ ਦੋਸਤਾਂ ਨੇ ਨੀਰੂ ਤੋਂ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਰਮਾਨ ਅਤੇ ਤਨਿਸ਼ਾ 'ਬਿੱਗ ਬੌਸ ਸੀਜ਼ਨ 7' ਤੋਂ ਬਾਅਦ ਇਕ-ਦੂਜੇ ਨੂੰ ਡੇਟ ਕਰਨ ਲੱਗੇ ਸਨ। ਕਰੀਬ 1 ਸਾਲ ਤੱਕ ਡੇਟ ਕਰਨ ਤੋਂ ਬਾਅਦ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਰਮਾਨ ਦੀ ਹੱਥੋਪਾਈ ਦੀ ਬੁਰੀ ਆਦਤ ਕਾਰਨ ਤਨਿਸ਼ਾ ਦੀ ਮਾਂ ਤਨੁਜਾ ਅਤੇ ਭੈਣ ਕਾਜੋਲ ਨੇ ਉਨ੍ਹਾਂ ਨੂੰ ਅਰਮਾਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੋਵੇਗੀ। ਹਾਲਾਂਕਿ ਤਨਿਸ਼ਾ ਇਸ ਵਿਸ਼ੇ 'ਤੇ ਕੁਝ ਵੀ ਬੋਲਣ ਤੋਂ ਪਰਹੇਜ਼ ਕਰਦੀ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੇਮਿਕਾ ਨੀਰੂ ਰੰਧਾਵਾ ਨਾਲ ਕੁੱਟਮਾਰ ਦੇ ਦੋਸ਼ 'ਚ ਅਰਮਾਨ ਨੂੰ 13 ਜੂਨ ਨੂੰ ਮੁੰਬਈ ਦੇ ਬਾਂਦਰਾ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 24 ਜੂਨ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।