FacebookTwitterg+Mail

ਫਿਲਮ ਨਗਰੀ 'ਚ ਸਭ ਤੋਂ ਜ਼ਿਆਦਾ ਖੁਸ਼ਨੁਮਾ ਜੋੜੀ ਹੈ ਆਸ਼ੂਤੋਸ਼-ਰੇਣੁਕਾ ਦੀ

ashutosh rana
22 April, 2017 03:17:58 PM
ਮੁੰਬਈ— ਆਸ਼ੂਤੋਸ਼ ਰਾਣਾ ਤੇ ਰੇਣੁਕਾ ਸ਼ਹਾਣੇ ਨੂੰ ਫਿਲਮ ਨਗਰੀ ਦੀ ਸਭ ਤੋਂ ਜ਼ਿਆਦਾ ਖੁਸ਼ਨੁਮਾ ਜੋੜੀ ਮੰਨਿਆ ਜਾਂਦਾ ਹੈ। ਦੋਵੇਂ ਹੀ ਕਾਫੀ ਲੰਬੇ ਸਮੇਂ ਤੋਂ ਹਿੰਦੀ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ 'ਚ ਸਰਗਰਮ ਹਨ। ਦੋਵਾਂ ਦੇ ਦੋ ਬੱਚੇ ਸ਼ੌਰਯਮਾਨ ਅਤੇ ਸਤਯੇਂਦਰ ਹਨ।
ਆਸ਼ੂਤੋਸ਼ ਰਾਣਾ ਦਾ ਜਨਮ ਮੱਧਪ੍ਰਦੇਸ਼ ਦੇ ਜ਼ਿਲਾ ਨਰਸਿੰਘਪੁਰ ਦੇ ਗਦਰਵਾੜਾ 'ਚ 10 ਨਵੰਬਰ 1964 ਨੂੰ ਹੋਇਆ ਸੀ। ਉਸ ਨੇ ਆਪਣੀ ਸਕੂਲੀ ਸਿੱਖਿਆ ਗਦਰਵਾੜਾ 'ਚ ਹੀ ਪ੍ਰਾਪਤ ਕੀਤੀ। ਉਹ ਇਥੇ ਸ਼੍ਰੀ ਰਾਮਲੀਲਾ 'ਚ ਰਾਵਣ ਦਾ ਕਿਰਦਾਰ ਨਿਭਾਉਂਦਾ ਸੀ। ਉਸ ਤੋਂ ਬਾਅਦ ਉਹ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ 'ਚ ਚਲਾ ਗਿਆ, ਜਿਥੇ ਉਸ ਨੇ ਅਭਿਨੈ ਦੀ ਟ੍ਰੇਨਿੰਗ ਲਈ।
ਆਸ਼ੂਤੋਸ਼ ਰਾਣਾ ਦੀ ਆਪਣੇ ਗੁਰੂ 'ਦੱਦਾ ਜੀ' 'ਚ ਡੂੰਘੀ ਸ਼ਰਧਾ ਸੀ। ਉਨ੍ਹਾਂ ਨੇ ਹੀ ਉਸ ਨੂੰ ਅਦਾਕਾਰੀ 'ਚ ਜਾਣ ਦਾ ਹੁਕਮ ਦਿੱਤਾ ਸੀ। ਇਸ ਕਰਕੇ ਉਸ ਨੂੰ ਮਹੇਸ਼ ਭੱਟ ਦੇ ਸੀਰੀਅਲ 'ਸਵਾਭਿਮਾਨ' ਦਾ ਆਫਰ ਮਿਲਿਆ, ਜਿਸ ਨੂੰ ਉਸ ਨੇ ਤੁਰੰਤ ਸਵੀਕਾਰ ਕਰ ਲਿਆ ਤੇ ਟੀ. ਵੀ. 'ਤੇ ਉਸ ਦਾ ਕਰੀਅਰ ਸ਼ੁਰੂ ਹੋਇਆ। ਇਸ ਤੋਂ ਬਾਅਦ ਕੁਝ ਸੀਰੀਅਲਾਂ ਤੇ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਤਨੁਜਾ ਚੰਦਰਾ ਵੱਲੋਂ ਨਿਰਦੇਸ਼ਿਤ 'ਦੁਸ਼ਮਨ' ਨਾਲ ਖਾਸ ਪਛਾਣ ਮਿਲੀ। ਇਸ 'ਚ ਉਸ ਨੇ ਗੋਕੁਲ ਪੰਡਿਤ ਨਾਂ ਦੇ ਇਕ ਜ਼ਾਲਮ ਬਲਾਤਕਾਰੀ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਸੰਘਰਸ਼' ਦੇ ਉਸ ਦੇ ਕਿਰਦਾਰ ਲੱਜਾ ਸ਼ੰਕਰ ਪਾਂਡੇ ਨੇ ਉਸ ਨੂੰ ਇਕ ਵਧੀਆ ਖਲਨਾਇਕ ਦੇ ਤੌਰ 'ਤੇ ਸਥਾਪਿਤ ਕਰ ਦਿੱਤਾ।
ਉਸ ਨੇ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ ਤੇ ਮਰਾਠੀ 'ਚ ਵੀ ਕਈ ਫਿਲਮਾਂ ਕੀਤੀਆਂ ਹਨ। ਹਿੰਦੀ 'ਚ ਉਸ ਦੀਆਂ ਕੁਝ ਜ਼ਿਕਰਯੋਗ ਫਿਲਮਾਂ 'ਚ 'ਗੁਲਾਮ', 'ਜ਼ਖ਼ਮੀ', 'ਬਾਦਲ', 'ਤਰਕੀਬ', 'ਕਸੂਰ', 'ਰਾਜ਼', 'ਅੰਸ਼', 'ਅਬ ਕੇ ਬਰਸ', 'ਗੁਨਾਹ', 'ਅਨਰਥ', 'ਕਰਜ਼', 'ਐੱਲ. ਓ. ਸੀ. ਕਾਰਗਿਲ', 'ਦਿਲ ਪਰਦੇਸੀ ਹੋ ਗਯਾ', 'ਸ਼ਬਨਮ ਮੌਸੀ', 'ਕਲਯੁਗ', 'ਆਵਾਰਾਪਨ' ਤੇ 'ਸ਼ੋਰਗੁਲ' ਸ਼ਾਮਲ ਹਨ। ਰੇਣੁਕਾ ਸ਼ਹਾਣੇ ਨੇ ਮੁੰਬਈ ਦੇ ਸੇਂਟ ਜ਼ੇਵੀਅਰਸ ਕਾਲਜ ਅਤੇ ਮੁੰਬਈ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮਰਾਠੀ ਫਿਲਮਾਂ 'ਚ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਟੀ. ਵੀ. 'ਤੇ ਹਿੰਦੀ ਸੀਰੀਅਲ 'ਸੁਰਭੀ' ਨਾਲ ਉਸ ਨੂੰ ਖਾਸ ਪਛਾਣ ਮਿਲੀ ਤੇ ਉਸ ਦਾ ਨਾਂ ਕਿੱਟੂ ਗਿਡਵਾਨੀ, ਮੰਦਿਰਾ ਬੇਦੀ, ਸ਼ੇਫਾਲੀ ਛਾਇਆ ਤੇ ਪੱਲਵੀ ਜੋਸ਼ੀ ਵਰਗੀਆਂ ਅਭਿਨੇਤਰੀਆਂ 'ਚ ਸ਼ਾਮਲ ਹੋ ਗਿਆ।
ਰੇਣੁਕਾ ਨੇ ਆਪਣਾ ਫਿਲਮੀ ਕੈਰੀਅਰ ਗੁਜਰਾਤੀ ਫਿਲਮ 'ਹੁਨ ਹੁੰਸ਼ੀ ਹੁੰਸ਼ੀਲਾਲ' ਨਾਲ ਸ਼ੁਰੂ ਕੀਤਾ। 1994 'ਚ ਉਸ ਨੂੰ ਸੂਰਜ ਬੜਜਾਤਯਾ ਨੇ ਆਪਣੀ ਫਿਲਮ 'ਹਮ ਆਪਕੇ ਹੈਂ ਕੌਨ' 'ਚ ਲਿਆ। ਇਸ ਫਿਲਮ 'ਚ ਰੇਣੁਕਾ ਨੇ ਪੂਜਾ ਨਾਂ ਦਾ ਕਿਰਦਾਰ ਨਿਭਾਇਆ ਸੀ, ਜੋ ਇਕ ਬੱਚੇ ਦੇ ਜਨਮ ਤੋਂ ਬਾਅਦ ਹਾਦਸੇ ਕਾਰਨ ਮਰ ਜਾਂਦੀ ਹੈ। ਇਸ ਕਿਰਦਾਰ 'ਚ ਰੇਣੁਕਾ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਫਿਲਮ ਨਾਲ ਉਸ ਨੂੰ ਇਕ ਵੱਖਰਾ ਮੁਕਾਮ ਮਿਲਿਆ ਸੀ। ਰੇਣੁਕਾ ਦੀਆਂ ਵੱਖ-ਵੱਖ ਭਾਸ਼ਾਵਾਂ 'ਚ ਫਿਲਮਾਂ 'ਚ 'ਮਨੀ ਮਨੀ', 'ਮਾਸੂਮ', 'ਤਨੂ ਕੀ ਟੀਨਾ', 'ਤੁਮ ਜੀਓ ਹਜ਼ਾਰੋਂ ਸਾਲ', 'ਏਕ ਅਲਗ ਮੌਸਮ', 'ਦਿਲ ਨੇ ਜਿਸੇ ਅਪਨਾ ਕਹਾ' ਤੇ 'ਹਾਈਵੇ' ਸ਼ਾਮਲ ਹਨ।

Tags: Ashutosh RanaRenuka ShahaneDushmanSwabhimanਆਸ਼ੂਤੋਸ਼ ਰਾਣਾਰੇਣੁਕਾ ਸ਼ਹਾਣੇ