ਮੁੰਬਈ (ਬਿਊਰੋ)— 'ਜਖਮ', 'ਦੁਸ਼ਮਨ' ਅਤੇ 'ਸੰਘਰਸ਼' ਵਰਗੀਆਂ ਫਿਲਮਾਂ 'ਚ ਬਿਹਤਰੀਨ ਅਭਿਨੈ ਨਾਲ ਪ੍ਰਸ਼ੰਸਕਾਂ 'ਚ ਵੱਖਰੀ ਪਛਾਣ ਬਣਾ ਚੁੱਕੇ ਅਭਿਨੇਤਾ ਆਸ਼ੂਤੋਸ਼ ਰਾਣਾ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਟੀ. ਵੀ. ਸ਼ੋਅ 'ਸਵਾਭੀਮਾਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਸ਼ੂਤੋਸ਼ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਆਸ਼ੂਤੋਸ਼ ਵੱਖਰੇ ਕਿਰਦਾਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਪੂਜਾ-ਪਾਠ ਦਾ ਬਹੁਤ ਸ਼ੌਕ ਹੈ। ਉਹ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਹਨ। ਉਹ ਆਪਣੇ ਇਸ ਸ਼ੌਕ ਨੂੰ ਆਪਣੀ ਸ਼ਰਧਾ ਅਤੇ ਧਾਰਮਿਕ ਵਿਸ਼ਵਾਸ ਦਾ ਰੂਪ ਮੰਨਦੇ ਹਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੇ ਗੁਰੂ ਦੇ ਕਹਿਣ 'ਤੇ ਫਿਲਮ ਜਗਤ 'ਚ ਆਏ ਸਨ ਅਤੇ ਹੁਣ ਤੱਕ 30 ਤੋਂ ਜ਼ਿਆਦਾ ਫਿਲਮਾਂ ਅਤੇ ਕਈ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੇ ਹਨ । ਆਸ਼ੂਤੋਸ਼ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਅਭਿਨੇਰਤੀ ਰੇਣੂਕਾ ਸ਼ਹਾਣੇ ਨਾਲ ਵਿਆਹ ਕਰਵਾਇਆ ਸੀ। ਰੇਣੂਕਾ ਅਤੇ ਆਸ਼ੂਤੋਸ਼ ਦੀ ਪਹਿਲੀ ਮੁਲਾਕਾਤ ਫਿਲਮ 'ਜਯੰਤੀ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਪਹਿਲੀ ਨਜ਼ਰ ਵਿਚ ਹੀ ਆਸ਼ੂਤੋਸ਼ ਨੂੰ ਰੇਣੂਕਾ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਕਈ ਮਹੀਨੇ ਦੋਵਾਂ ਵਿਚਕਾਰ ਕੋਈ ਗੱਲ ਨਹੀਂ ਹੋਈ। 1998 'ਚ ਆਸ਼ੂਤੋਸ਼ ਨੇ ਰੇਣੂਕਾ ਨੂੰ ਫੋਨ 'ਤੇ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਦੀ ਇਕ ਦੂਜੇ ਨਾਲ ਗੱਲਬਾਤ ਸ਼ੁਰੂ ਹੋ ਗਈ। ਰੇਣੂਕਾ ਲਈ ਇਹ ਸਭ ਆਮ ਨਹੀਂ ਸੀ। ਰੇਣੂਕਾ ਦਾ ਇਕ ਵਿਆਹ ਪਹਿਲਾਂ ਹੀ ਟੁੱਟ ਚੁੱਕਿਆ ਸੀ। ਇਹ ਗੱਲ ਆਸ਼ੂਤੋਸ਼ ਨੂੰ ਪਤਾ ਸੀ ਪਰ ਫਿਰ ਵੀ ਉਨ੍ਹਾਂ ਰੇਣੁਕਾ 'ਤੇ ਵਿਸ਼ਵਾਸ ਕਰਦੇ ਹੋਏ ਵਿਆਹ ਕੀਤਾ ਅਤੇ ਹੁਣ ਦੋਵਾਂ ਦੇ ਦੋ ਬੱਚੇ ਹਨ।