ਮੁੰਬਈ— ਭੋਜਪੁਰੀ ਗਾਇਕਾ ਸੋਨੀ ਸਿਨ੍ਹਾ ਦੀ ਬੀਤੀ ਰਾਤ ਘਰ ਦੇ ਕੋਲ ਕਿਸੇ ਸਿਰਫਿਰੇ ਨੇ ਗਲਾ ਵੱਢ ਕੇ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਮੰਗਲਵਾਰ ਦੀ ਰਾਤ ਨੂੰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਸੋਨੀ ਬਨਾਰਸ ਤੋਂ ਰਿਕਾਰਡਿੰਗ ਕਰਕੇ ਘਰ ਪਰਤ ਰਹੀ ਸੀ। ਘਰ ਦੇ ਕੋਲ ਪਹਿਲਾਂ ਤੋਂ ਖੜ੍ਹੇ ਸਿਰਫਿਰੇ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਘਰ ਦੇ ਸਾਹਮਣੇ ਸਿਰਫਿਰੇ ਦੀ ਇਸ ਹਰਕਤ ਤੋਂ ਬਾਅਦ ਉਹ ਜਦੋਂ ਚੀਕਾਂ ਮਾਰਨ ਲੱਗੀ ਤਾਂ ਦੋਸ਼ੀ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਹਾਲਤ ਗੰਭੀਰ ਹੋਣ 'ਤੇ ਇਲਾਜ ਲਈ ਡਾਕਟਰਾਂ ਨੇ ਸੋਨੀ ਨੂੰ ਵਾਰਾਣਸੀ ਲਈ ਰੈਫਰ ਕਰ ਦਿੱਤਾ। ਬਨਾਰਸ 'ਚ ਇਕ ਨਿੱਜੀ ਹਸਪਤਾਲ 'ਚ ਦਾਖਲ ਸੋਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਘਟਨਾ ਤੋਂ ਬਾਅਦ ਸੋਨੀ ਦੇ ਜਾਣਨ ਵਾਲੇ ਤੇ ਭੋਜਪੁਰੀ ਜਗਤ ਦੇ ਲੋਕਾਂ ਦਾ ਜਮਾਵੜਾ ਜ਼ਿਲਾ ਹਸਪਤਾਲ 'ਚ ਲੱਗ ਗਿਆ। ਘਟਨਾ ਦੇ ਸਮੇਂ ਸੋਨੀ ਵਾਰਾਣਸੀ ਤੋਂ 'ਬੋਲ ਬਮ' ਦੇ ਗੀਤ ਦੀ ਰਿਕਾਰਡਿੰਗ ਕਰਕੇ ਘਰ ਪਹੁੰਚੀ ਸੀ। ਪੁਲਸ ਅਣਪਛਾਤੇ ਹਮਲਾਵਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ 'ਚ ਜੁਟ ਗਈ ਹੈ। ਇਸ ਘਟਨਾ ਨੂੰ ਲੈ ਕੇ ਭੋਜਪੁਰੀ ਕਲਾਕਾਰਾਂ 'ਚ ਰੋਸ ਹੈ।