ਮੁੰਬਈ— ਸਾਊਥ ਇੰਡੀਅਨ ਫਿਲਮਾਂ ਦਾ ਮੰਨਿਆ-ਪ੍ਰਮੰਨਿਆ ਚਿਹਰਾ ਬਣ ਚੁੱਕੀ ਮਾਡਲ ਤੇ ਅਭਿਨੇਤਰੀ ਅਵਨੀ ਮੋਦੀ ਦਾ ਜਨਮ ਗੁਜਰਾਤ ਦੇ ਗਾਂਧੀਨਗਰ 'ਚ ਹੋਇਆ। ਅਵਨੀ ਨੂੰ ਬਚਪਨ ਤੋਂ ਹੀ ਅਭਿਨੈ ਦਾ ਸ਼ੌਕ ਸੀ ਪਰ ਕਾਲਜ ਤਕ ਉਹ ਇਸ ਫੀਲਡ 'ਚ ਆਪਣੇ ਪੈਰ ਨਹੀਂ ਜਮਾ ਸਕੀ ਸੀ। ਇਸ ਦੇ ਚਲਦਿਆਂ ਇਕ ਵਾਰ ਤਾਂ ਕਾਲਜ 'ਚ ਇਕ ਸਕ੍ਰਿਪਟ ਰਾਈਟਰ ਨੇ ਅਵਨੀ ਨੂੰ ਇਥੋਂ ਤਕ ਕਹਿ ਦਿੱਤਾ ਸੀ ਕਿ ਐਕਟਿੰਗ ਦੀ ਗੱਲ ਤਾਂ ਦੂਰ, ਉਸ ਨੂੰ ਤਾਂ ਐਕਟਿੰਗ ਦਾ 'ਏ' ਵੀ ਨਹੀਂ ਆਉਂਦਾ। ਸਕੂਲ ਤੇ ਕਾਲਜ 'ਚ ਵਿਦਿਆਰਥੀਆਂ ਦੀ ਭੀੜ 'ਚ ਗੁੰਮ ਅਵਨੀ ਅੱਜ ਤਾਮਿਲ ਫਿਲਮ ਇੰਡਸਟਰੀ 'ਚ ਗੁਜਰਾਤ ਦਾ ਨਾਂ ਰੌਸ਼ਨ ਕਰ ਰਹੀ ਹੈ।
ਇਕ ਮਜ਼ੇਦਾਰ ਘਟਨਾ ਦਾ ਜ਼ਿਕਰ ਕਰਦਿਆਂ ਅਵਨੀ ਨੇ ਦੱਸਿਆ, 'ਇਕ ਵਾਰ ਮੈਂ ਫਿਲਮ ਦੇ ਪ੍ਰਚਾਰ ਦੇ ਸਿਲਸਿਲੇ 'ਚ ਬੰਗਲੌਰ ਗਈ ਸੀ। ਇਥੇ ਪ੍ਰੈੱਸ ਕਾਨਫਰੰਸ 'ਚ ਅੰਗਰੇਜ਼ੀ ਅਖਬਾਰਾਂ ਦੇ ਵੀ ਕਈ ਪੱਤਰਕਾਰ ਆਏ ਸਨ ਤੇ ਸਾਰੇ ਵਾਰ-ਵਾਰ ਇਕ ਹੀ ਸਵਾਲ ਪੁੱਛ ਰਹੇ ਸਨ, 'ਮਿਸ ਮੋਦੀ, ਕੀ ਨਰਿੰਦਰ ਮੋਦੀ ਨਾਲ ਤੁਹਾਡਾ ਕੋਈ ਪਰਿਵਾਰਕ ਰਿਸ਼ਤਾ ਹੈ? ਕੀ ਨਰਿੰਦਰ ਮੋਦੀ ਤੁਹਾਡੇ ਰਿਸ਼ਤੇਦਾਰ ਹਨ?' ਉਦੋਂ ਇਸ ਦੇ ਜਵਾਬ 'ਚ ਉਸ ਨੇ ਕਿਹਾ, 'ਨਰਿੰਦਰ ਮੋਦੀ ਮੇਰੇ ਸਕੇ ਤਾਂ ਨਹੀਂ ਪਰ ਉਸ ਤੋਂ ਵੀ ਵੱਧ ਕੇ ਹਨ। ਮੈਂ ਨਰਿੰਦਰ ਮੋਦੀ ਦੀ ਬੇਟੀ ਹਾਂ। ਇਕੱਲੀ ਮੈਂ ਹੀ ਨਹੀਂ, ਸਗੋਂ ਗੁਜਰਾਤ 'ਚ ਜਿੰਨੀਆਂ ਵੀ ਲੜਕੀਆਂ ਹਨ, ਉਹ ਨਰਿੰਦਰ ਮੋਦੀ ਦੀਆਂ ਬੇਟੀਆਂ ਵਰਗੀਆਂ ਹਨ।'