FacebookTwitterg+Mail

ਨਵੀਂ ਰਾਹ ਬਣਾ ਰਹੀ ਹੈ ਆਯੁਸ਼ਮਾਨ ਦੀ ਫਿਲਮ ‘ਆਰਟੀਕਲ 15’

ayushmann khurrana
25 June, 2019 09:57:41 AM

ਵਿੱਕੀ ਡੋਨਰ’, ‘ਬਧਾਈ ਹੋ’, ‘ਅੰਧਾਧੁਨ’ ਵਰਗੀਆਂ ਸੁਪਰਹਿੱਟ ਫਿਲਮਾਂ ਵਿਚ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਆਯੁਸ਼ਮਾਨ ਖੁਰਾਨਾ ਹੁਣ ਇਕ ਵਾਰ ਫਿਰ ਫਿਲਮ ‘ਆਰਟੀਕਲ 15’ ਨਾਲ ਨਵਾਂ ਧਮਾਕਾ ਕਰਨ ਜਾ ਰਹੇ ਹਨ। ‘ਆਰਟੀਕਲ 15’ ਇਕ ਅਜਿਹੀ ਫਿਲਮ ਹੈ, ਜੋ ਹਰੇਕ ਵਿਅਕਤੀ ਵਲੋਂ ਸਮਾਜ ਵਿਚ ਬਦਲਾਅ ਲਿਆਉਣ ਦੀ ਮੰਗ ਕਰਦੀ ਹੈ ਅਤੇ ਸਾਰਿਆਂ ਨੂੰ ਇਸ ਦੀ ਹਾਰਡ-ਹਿਟਿੰਗ ਲਾਈਨ, ‘ਹੁਣ ਫਰਕ ਲਿਆਵਾਂਗੇ’ ਦੇ ਨਾਲ ਐਕਸ਼ਨ ਲੈਣ ਲਈ ਕਹਿੰਦੀ ਹੈ। ਇਹ ਫਿਲਮ ਲੰਡਨ ਇੰਡੀਅਨ ਫਿਲਮ ਫੈਸਟੀਵਲ ਦੇ ਦਸਵੇਂ ਸੀਜ਼ਨ ਵਿਚ ਵਰਲਡ ਪ੍ਰੀਮੀਅਰ ਲਈ ਵੀ ਤਿਆਰ ਹੈ। ਲੰਡਨ ਇੰਡੀਅਨ ਫਿਲਮ ਫੈਸਟੀਵਲ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਫਿਲਮੀ ਫੈਸਟੀਵਲ ਮੰਨਿਆ ਜਾਂਦਾ ਹੈ ਅਤੇ ਇਹ ਇਨਵੈਸਟੀਗੇਟਿਵ ਡਰਾਮਾ ਓਪਨਿੰਗ ਨਾਈਟ ਫਿਲਮ ਹੋਵੇਗੀ। ਅਨੁਭਵ ਸਿਨਹਾ ਦੇ ਨਿਰਦੇਸ਼ਨ ਵਿਚ ਕਾਫੀ ਸੰਵੇਦਨਸ਼ੀਲ ਮੁੱਦੇ 'ਤੇ ਬਣੀ ਇਸ ਫਿਲਮ ਵਿਚ ਈਸ਼ਾ ਤਲਵਾੜ, ਐੱਮ. ਨਿਸਾਰ, ਮਨੋਜ ਪਾਹਵਾ, ਸਿਆਨੀ ਗੁਪਤਾ, ਕੁਮੁਦ ਮਿਸ਼ਰਾ ਅਤੇ ਮੁਹੰਮਦ ਜੀਸ਼ਾਨ ਅਯੂਬ ਵੀ ਨਜ਼ਰ ਆਉਣਗੇ। 27 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਆਯੁਸ਼ਮਾਨ ਨੇ ਪੰਜਾਬ ਕੇਸਰੀ/ਨਵੋਦਯਾ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ...

ਇਸ ਫਿਲਮ ਦਾ ਹਿੱਸਾ ਬਣਨਾ ਬੇਹੱਦ ਮਾਣ ਦੀ ਗੱਲ

ਅਨੁਭਵ ਸਰ ਦੀ ਫਿਲਮ ‘ਮੁਲਕ’ ਦੇਖ ਕੇ ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਬਣ ਗਿਆ ਸੀ। ਇਕ ਮੁਲਾਕਾਤ ਵਿਚ ਉਨ੍ਹਾਂ ਮੈਨੂੰ ਕਿਹਾ ਕਿ ਉਹ ਕੋਈ ਹਾਰਡ ਹਿਟਿੰਗ ਫਿਲਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੋ-ਤਿੰਨ ਸਬਜੈਕਟ ਸੁਣਾਏ, ਮੈਂ ‘ਆਰਟੀਕਲ 15’ ਨੂੰ ਲੈ ਕੇ ਬਹੁਤ ਐਕਸਾਈਟਿਡ ਹੋਇਆ। ਇਸ ਦਾ ਕਾਰਨ ਇਹ ਸੀ ਕਿ ਜਦ ਮੈਂ ਚੰਡੀਗੜ੍ਹ ਵਿਚ ਸਟ੍ਰੀਟ ਪਲੇਅ ਕਰਦਾ ਸੀ, ਉਸ ਸਮੇਂ ਜਾਤੀ ਭੇਦ-ਭਾਵ ਦੇ ਬਾਰੇ ਵਿਚ ਜਾਣਨ ਅਤੇ ਪੜ੍ਹਨ ਲਈ ਉਤਸਕ ਸੀ। ਅਨੁਭਵ ਨੇ ਇਸ ਵਿਸ਼ੇ ’ਤੇ ਬੜੇ ਵਧੀਆ ਢੰਗ ਨਾਲ ਸਕ੍ਰਿਪਟ ਸੁਣਾਈ ਤੇ ਮੈਨੂੰ ਪਸੰਦ ਆ ਗਈ। ਇਸ ਫਿਲਮ ਦਾ ਹਿੱਸਾ ਬਣ ਕੇ ਮੈਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।

ਸਮਾਂ ਬਰਬਾਦ ਕਰ ਰਹੇ ਹਨ ਫਿਲਮ ਦਾ ਵਿਰੋਧ ਕਰਨ ਵਾਲੇ

ਜੇ ਤੁਸੀਂ ਸੰਵੇਦਨਸ਼ੀਲ ਮੁੱਦੇ ’ਤੇ ਫਿਲਮ ਬਣਾਓਗੇ ਤਾਂ ਤੁਹਾਨੂੰ ਵਿਰੋਧ ਸਹਿਣ ਲਈ ਵੀ ਤਿਆਰ ਰਹਿਣਾ ਪਵੇਗਾ। ਭਾਰਤ ਦੇਸ਼ ਬਹੁਤ ਯੂਨੀਕ ਹੈ, ਬਹੁਤ ਕੰਪਲੈਕਸ ਵੀ ਹੈ। ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਸਮਾਜ ਨਾਲ ਬਹੁਤ ਪਿਆਰ ਹੈ। ਸਾਡੇ ਸਾਰਿਆਂ ਦੇ ਸਮਾਜ ਵਿਚ ਸੈਂਸ ਆਫ ਪਰਾਈਡ ਹੈ, ਜਿਸ ਨੂੰ ਲੈ ਕੇ ਸਾਰੇ ਜਾਗਰੂਕ ਰਹਿੰਦੇ ਹਨ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਫਿਲਮ ਵਿਚ ਕਿਸੇ ਵੀ ਕਮਿਊਨਿਟੀ ਨੂੰ ਟਾਰਗੈੱਟ ਜਾਂ ਅਫੈਂਡ ਨਹੀਂ ਕੀਤਾ ਗਿਆ ਹੈ। ਜੋ ਲੋਕ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ ਜਾਂ ਇਸ ਨੂੰ ਰੁਕਵਾਉਣ ਲਈ ਕੇਸ ਕਰ ਰਹੇ ਹਨ, ਜਦ ਉਹ ਇਸ ਫਿਲਮ ਨੂੰ ਦੇਖਣਗੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਉਹ ਬੇਕਾਰ ਸਮਾਂ ਬਰਬਾਦ ਕਰ ਰਹੇ ਸਨ। ਸਮਾਜਿਕ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇਹ ਫਿਲਮ ਬਣਾਈ ਹੈ। ਅਸੀਂ ਕਿਸੇ ਵੀ ਕਮਿਊਨਿਟੀ ਨੂੰ ਦੁਖੀ ਨਹੀਂ ਕੀਤਾ ਹੈ। ਫਿਲਮ ਵਿਚ ਬ੍ਰਾਹਮਣ ਹੀ ਨਾਇਕ ਹੈ। ਜਦ ਚੇਂਜਮੇਕਰ ਹੀ ਤੁਹਾਡੀ ਕਮਿਊਨਿਟੀ ਤੋਂ ਹੈ ਤਾਂ ਵਿਰੋਧ ਕਿਉਂ।

ਰੀਅਲ ਕੋਪ ਤੋਂ ਇੰਸਪਾਇਰ ਕਰੈਕਟਰ

ਕੋਪ ਦੇ ਰੋਲ ਲਈ ਮੈਂ ਕਿਸੇ ਤਰ੍ਹਾਂ ਦੀ ਤਿਆਰੀ ਐਕਟਰ ਨੂੰ ਦੇਖ ਕੇ ਨਹੀਂ ਕੀਤੀ ਸਗੋਂ ਰੀਅਲ ਲਾਈਫ ਕੋਪ ਨੂੰ ਦੇਖ ਕੇ ਕੀਤੀ ਹੈ। ਇਸ ਦਾ ਕਾਰਨ ਹੈ ਕਿ ਫਿਲਮ ਵਿਚ ਇਹ ਕਰੈਕਟਰ ਬਿਲਕੁਲ ਰੀਅਲ ਲਾਈਫ ਕੋਪ ਦੇ ਵਰਗਾ ਹੀ ਦਿਖਾਇਆ ਜਾਣਾ ਸੀ। ਇਸ ਦੇ ਨਾਲ ਹੀ ਸਾਡੇ ਕੋਪ ਦਾ ਸੁਰ ਵੱਖਰਾ ਹੈ। ਮੈਂ ਇਸ ਵਿਚ ਆਈ. ਪੀ. ਐੱਸ. ਅਫਸਰ ਦਾ ਰੋਲ ਪਲੇਅ ਕਰ ਰਿਹਾ ਹਾਂ। ਇਸ ਕਰੈਕਟਰ ਦਾ ਆਪਣਾ ਰੁਤਬਾ ਹੈ। ਉਹ ਬਹੁਤ ਪੜ੍ਹਿਆ-ਲਿਖਿਆ ਤੇ ਜਾਗਰੂਕ ਹੈ। ਉਹ ਬਾਹਰ ਤੋਂ ਆਇਆ ਹੈ ਤੇ ਉਸ ਦੀ ਪੋਸਟਿੰਗ ਅਜਿਹੀ ਜਗ੍ਹਾ ’ਤੇ ਹੁੰਦੀ ਹੈ, ਜਿਥੇ ਜਾਤੀ ਭੇਦ-ਭਾਵ ਬਹੁਤ ਜ਼ਿਆਦਾ ਹੈ। ਅਜਿਹੇ ਵਿਚ ਇਥੇ ਉਹ ਆਪਣੇ ਤਰੀਕੇ ਨਾਲ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਨੂੰ ਲੈ ਕੇ ਇਹ ਫਿਲਮ ਹੈ।

ਨਹੀਂ ਖਤਮ ਹੋ ਰਿਹਾ ਜਾਤੀ ਭੇਦ-ਭਾਵ

ਹੁਣ ਤਕ ਹਿੰਦੀ ਦੇ ਮੁੱਖ ਸਿਨੇਮਾ ਵਿਚ ਇੰਨੇ ਬੇਬਾਕ ਢੰਗ ਨਾਲ ਅਜਿਹਾ ਕੁਝ ਨਹੀਂ ਕਿਹਾ ਗਿਆ। ‘ਆਰਟੀਕਲ 15’ ਰਾਹੀਂ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਜਾਤੀ ਦਾ ਨਾਂ ਲੈ ਰਹੇ ਹਾਂ ਅਤੇ ਖੁੱਲ੍ਹੇਆਮ ਗੱਲ ਕਰ ਰਹੇ ਹਾਂ। ਕਮਰਸ਼ੀਅਲ ਸਿਨੇਮਾ ਵਿਚ ਲੋਕ ਇਸ ਵਿਸ਼ੇ ’ਤੇ ਗੱਲ ਕਰਨ ਤੋਂ ਝਿਜਕਦੇ ਰਹੇ ਹਨ ਪਰ ‘ਆਰਟੀਕਲ 15’ ਹਟ ਕੇ ਹੈ ਅਤੇ ਨਵੀਂ ਰਾਹ ਬਣਾ ਰਹੀ ਹੈ। ਸਾਡਾ ਯੂਥ ਖਾਸ ਤੌਰ ’ਤੇ ਉਪਰੀ ਤਬਕਾ ਇਸ ਜਾਤੀ ਭੇਦਭਾਵ ਤੋਂ ਜਾਣੂ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਤਾਂ ਭੇਦਭਾਵ ਕਰਦੇ ਹੀ ਨਹੀਂ ਹਾਂ। ਸਭ ਆਮ ਵਾਂਗ ਹੈ ਪਰ ਹਕੀਕਤ ਵਿਚ ਅਜਿਹਾ ਨਹੀਂ ਹੈ। ਖਾਸ ਤੌਰ ’ਤੇ ਦਿਹਾਤੀ ਤੇ ਦੂਰ-ਦੁਰੇਡੇ ਦੇ ਇਲਾਕਿਆਂ ਵਿਚ ਅਜੇ ਹਾਲ ਹੀ ਵਿਚ ਮੁੰਬਈ ’ਚ ਡਾ. ਪਾਇਲ ਦੀ ਖੁਦਕੁਸ਼ੀ ਦਾ ਜੋ ਮਾਮਲਾ ਹੋਇਆ ਹੈ, ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸ਼ਹਿਰੀ ਇਲਾਕਿਆਂ ਵਿਚ ਵੀ ਜਾਤੀ ਭੇਦਭਾਵ ਖਤਮ ਨਹੀਂ ਹੋਇਆ ਹੈ।

‘ਆਰਟੀਕਲ 15’ ਨੇ ਬਦਲੀ ਮੇਰੀ ਸੋਚ

ਇਸ ਫਿਲਮ ਨੂੰ ਕਰਨ ਤੋਂ ਬਾਅਦ ਮੇਰੀ ਸੋਚ ਹੋਰ ਬਦਲ ਗਈ ਹੈ। ਪ੍ਰੀਵੇਜ ਕਲਾਸ ਹੋਣ ਦੇ ਨਾਤੇ ਤੁਹਾਨੂੰ ਇਸ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਹੁੰਦਾ। ਤੁਸੀਂ ਉਸ ਨਜ਼ਰੀਏ ਵਿਚ ਸੋਚ ਹੀ ਨਹੀਂ ਸਕਦੇ। ਤੁਹਾਡੀ ਸੰਵੇਦਨਾ ਉਦੋਂ ਜਾਗਦੀ ਹੈ, ਜਦੋਂ ਤੁਸੀਂ ਉਨ੍ਹਾਂ ਬਾਰੇ ਜਾਣਦੇ ਹੋ ਜਾਂ ਉਨ੍ਹਾਂ ਦੇ ਨਜ਼ਰੀਏ ਨਾਲ ਸੋਚਦੇ ਹੋ।

ਹੁਣ ਲੋਕ ਚਾਹੁੰਦੇ ਹਨ ਬਦਲਾਅ

ਮੇਰੇ ਕਰੈਕਟਰ ਅਤੇ ਫਿਲਮ ਵਿਚ ਯਕੀਨੀ ਤੌਰ ’ਤੇ ਵਿਭਿੰਨਤਾ ਆਈ ਹੈ। ਮੈਂ ਹੁਣ ਜ਼ਿਆਦਾ ਥਿੰਕਰ ਬਣ ਗਿਆ ਹਾਂ ਅਤੇ ‘ਵਿੱਕੀ ਡੋਨਰ’ ਤੋਂ ਬਾਅਦ ਅਜਿਹਾ ਹੋਇਆ ਹੈ। ਮੇਰੇ ਫਿਲਮ ਦੇ ਕਰੈਕਟਰ ਅਜਿਹੇ ਹਨ ਕਿ ਉਹ ਮੈਨੂੰ ਹਰ ਫਿਲਮ ਦੇ ਨਾਲ ਕੁਝ ਨਾ ਕੁਝ ਸਿਖਾ ਕੇ ਜਾਂਦੇ ਹਨ। ਜੇ ਫਿਲਮ ਨਹੀਂ ਚੱਲਦੀ ਤਾਂ ਹੋਰ ਸਿਖਾ ਕੇ ਜਾਂਦੇ ਹਨ। ਤੁਸੀਂ ਸਿੱਖ ਸਕਦੇ ਹੋ ਕਿ ਕੀ ਨਹੀਂ ਹੋਇਆ ਅਤੇ ਲੋਕ ਹੋਰ ਕੀ ਚਾਹੁੰਦੇ ਹਨ। ਲੋਕ ਹੁਣ ਬਦਲਾਅ ਵੀ ਚਾਹੁੰਦੇ ਹਨ। ਤੁਸੀਂ ਸਿਨੇਮਾ ਵਿਚ ਬਦਲਾਅ ਦੇਖ ਰਹੇ ਹੋ। 2018 ਇਕ ਯੂਨੀਕ ਸਾਲ ਹੈ, ਇੰਡੀਅਨ ਸਿਨੇਮਾ ਵਿਚ ਬਦਲਾਅ ਦੇ ਨਜ਼ਰੀਏ ਨਾਲ। ਸਕ੍ਰਿਪਟ ਅਤੇ ਕੰਸੈਪਟ ਦੇ ਰਾਹੀਂ ਕਾਫੀ ਚੰਗਾ ਕੰਮ ਹੋਇਆ ਹੈ। ਅਜਿਹਾ ਪਹਿਲਾਂ ਵੀ ਹੋਇਆ ਹੈ ਪਰ 100 ਕਰੋੜ ਰੁਪਏ ਤੋਂ ਉੱਪਰ ਜਾਣ ਦੇ ਬਾਰੇ ਨਹੀਂ ਸੋਚਿਆ ਗਿਆ ਸੀ।


Tags: Ayushmann KhurranaArticle 15Vicky DonorIsha TalwarSayani GuptaKumud MishraAnubhav Sinha

Edited By

Sunita

Sunita is News Editor at Jagbani.