FacebookTwitterg+Mail

'ਸੋਚ' ਗੀਤ ਨੇ ਬਦਲੀ ਬੀ ਪਰਾਕ ਦੀ ਜ਼ਿੰਦਗੀ, ਪੜ੍ਹੋ ਪੂਰਾ ਇੰਟਰਵਿਊ

    8/12
13 May, 2017 09:09:24 AM
ਜਲੰਧਰ (ਰਾਹੁਲ ਸਿੰਘ)— ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਹਾਲ ਹੀ 'ਚ ਆਏ ਗੀਤ 'ਮਨ ਭਰਿਆ' ਰਾਹੀਂ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ ਹੈ। ਦਰਸ਼ਕਾਂ ਵਲੋਂ ਇਸ ਗੀਤ ਨੂੰ ਬੇਹੱਦ ਸਰਾਹਿਆ ਜਾ ਰਿਹਾ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਸਿਲਸਿਲੇ 'ਚ ਬੀ ਪਰਾਕ ਨਾਲ ਖਾਸ ਗੱਲਬਾਤ ਕੀਤੀ ਗਈ, ਜੋ ਹੇਠ ਲਿਖੇ ਅਨੁਸਾਰ ਹੈ—
ਸਵਾਲ : ਇੰਡਸਟਰੀ 'ਚ ਕਦੋਂ ਪਛਾਣ ਮਿਲਣੀ ਸ਼ੁਰੂ ਹੋਈ?
ਜਵਾਬ : ਇੰਡਸਟਰੀ 'ਚ ਕੰਮ ਤਾਂ ਕਾਫੀ ਸਮੇਂ ਤੋਂ ਕਰ ਰਿਹਾ ਸੀ ਪਰ ਪਛਾਣ ਮੈਨੂੰ 'ਸੋਚ' ਗੀਤ ਨੇ ਦਿੱਤੀ, ਜਿਹੜਾ ਸਾਲ 2013 'ਚ ਰਿਲੀਜ਼ ਹੋਇਆ ਸੀ।
ਸਵਾਲ : ਸੁਪੋਰਟ ਕਿੰਨੀ ਕੁ ਮਿਲੀ ਤੇ ਲੱਤ ਖਿੱਚਣ ਵਾਲੇ ਕਿੰਨੇ ਮਿਲੇ?
ਜਵਾਬ : ਪਰਿਵਾਰ ਵਲੋਂ ਸੁਪੋਰਟ ਤਾਂ ਹਮੇਸ਼ਾ ਤੋਂ ਹੀ ਸੀ ਕਿਉਂਕਿ ਸਾਡਾ ਸਾਰਾ ਪਰਿਵਾਰ ਸੰਗੀਤ ਨਾਲ ਜੁੜਿਆ ਹੋਇਆ ਹੈ। ਲੱਤ ਖਿੱਚਣ ਵਾਲੇ ਵੀ ਜਦੋਂ ਤੁਸੀਂ ਸ਼ੁਰੂ-ਸ਼ੁਰੂ 'ਚ ਇੰਡਸਟਰੀ 'ਚ ਦਾਖਲ ਹੁੰਦੇ ਹੋ ਤਾਂ ਬਹੁਤ ਮਿਲਦੇ ਹਨ ਪਰ ਜਦ ਤੋਂ ਮੈਂ ਤੇ ਜਾਨੀ ਨੇ ਇਕੱਠਿਆਂ ਕੰਮ ਕਰਨਾ ਸ਼ੁਰੂ ਕੀਤਾ ਹੈ, ਸਾਡੀ ਜ਼ਿੰਦਗੀ ਬਦਲ ਗਈ।
ਸਵਾਲ : ਜ਼ਿੰਦਗੀ 'ਚ ਕੋਈ ਹੈ, ਜਿਸ ਨੂੰ ਲੈ ਕੇ ਗੀਤ ਮਨ 'ਚ ਆਉਂਦੇ ਹਨ?
ਜਵਾਬ : ਜ਼ਿੰਦਗੀ 'ਚ ਤਾਂ ਅਜਿਹਾ ਕੋਈ ਨਹੀਂ ਹੈ ਪਰ ਤੁਸੀਂ ਜਦੋਂ ਜਵਾਨੀ 'ਚੋਂ ਨਿਕਲਦੇ ਹੋ ਤਾਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹੋ। ਮੈਂ ਵੀ ਇੰਝ ਹੀ ਲੋਕਾਂ ਨੂੰ ਦੇਖ ਕੇ ਸੰਗੀਤ ਬਣਾਉਂਦਾ ਹਾਂ। ਜਾਨੀ ਵੀ ਇੰਝ ਹੀ ਲਿਖਦੇ ਹਨ, ਉਹ ਆਮ ਗੱਲਬਾਤ 'ਚੋਂ ਹੀ ਗੀਤ ਬਣਾ ਦਿੰਦੇ ਹਨ।
ਸਵਾਲ : ਜਾਨੀ ਨਾਲ ਕਿਸ ਤਰ੍ਹਾਂ ਦੀ ਕੈਮਿਸਟਰੀ ਹੈ?
ਜਵਾਬ : ਬਹੁਤ ਵਧੀਆ ਕੈਮਿਸਟਰੀ ਹੈ। ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਕਿਸੇ ਹੋਰ ਗੀਤਕਾਰ ਨਾਲ ਕੰਮ ਕਿਉਂ ਨਹੀਂ ਕਰਦਾ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਾਨੀ ਕੰਮ ਪ੍ਰਤੀ ਬਹੁਤ ਹੀ ਸਮਰਪਿਤ ਹਨ। ਉਹ ਜੋ ਵੀ ਕੰਮ ਕਰਦੇ ਹਨ, ਦਿਲੋਂ ਕਰਦੇ ਹਨ। ਸਾਨੂੰ ਅਕਸਰ ਦੋਵਾਂ ਨੂੰ ਇਹ ਤਾਰੀਫ ਸੁਣਨ ਨੂੰ ਮਿਲਦੀ ਹੈ ਕਿ ਸਾਰਾ ਪੰਜਾਬ ਇਕ ਪਾਸੇ ਤੇ ਅਸੀਂ ਦੋਵੇਂ ਇਕ ਪਾਸੇ।
ਸਵਾਲ : ਡੈਬਿਊ ਲਈ ਸੈਡ ਸੌਂਗ ਹੀ ਕਿਉਂ ਚੁਣਿਆ?
ਜਵਾਬ : ਇੱਛਾ ਮੇਰੀ ਪਹਿਲਾਂ ਬੀਟ ਸੌਂਗ ਕਰਨ ਦੀ ਸੀ। ਹਾਰਡੀ ਸੰਧੂ, ਜਾਨੀ, ਅਰਵਿੰਦ ਖਹਿਰਾ ਤੇ ਮੈਂ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ, ਇਕ-ਦੂਜੇ ਨਾਲ ਸਲਾਹ ਕਰਕੇ ਹੀ ਕਰਦੇ ਹਾਂ। 'ਮਨ ਭਰਿਆ' ਇਕ ਹਿੰਦੀ ਗੀਤ ਤੋਂ ਪ੍ਰੇਰਿਤ ਗੀਤ ਹੈ, ਜਿਸ ਨੂੰ ਮੈਂ ਕੰਪੋਜ਼ ਕੀਤਾ ਤੇ ਜਾਨੀ ਨੇ ਜਦੋਂ ਲਿਖਿਆ ਤਾਂ ਬਹੁਤ ਹੀ ਖੂਬਸੂਰਤ ਗੀਤ ਬਣ ਗਿਆ। ਸਾਨੂੰ ਇਸ ਗੀਤ ਲਈ ਬਹੁਤ ਸਾਰੇ ਆਫਰ ਆਏ ਪਰ ਮੈਂ ਇਸ ਨੂੰ ਆਪਣਾ ਡੈਬਿਊ ਟਰੈਕ ਬਣਾਇਆ, ਜਿਸ ਦੀ ਮੈਨੂੰ ਬਹੁਤ ਖੁਸ਼ੀ ਹੈ।
ਸਵਾਲ : ਫੈਨਜ਼ ਨੂੰ ਕੀ ਕਹਿਣਾ ਚਾਹੋਗੇ?
ਜਵਾਬ : ਫੈਨਜ਼ ਬਹੁਤ ਜ਼ਿਆਦਾ ਪਿਆਰ ਮੇਰੇ ਗੀਤ ਨੂੰ ਦੇ ਰਹੇ ਹਨ। ਮੈਨੂੰ ਗੀਤ ਲਈ ਜਿੰਨੇ ਵੀ ਮੈਸਿਜ ਸੋਸ਼ਲ ਮੀਡੀਆ 'ਤੇ ਮਿਲੇ, ਮੈਂ ਉਨ੍ਹਾਂ ਸਭ ਦਾ ਜਵਾਬ ਦਿੱਤਾ ਤੇ ਅੱਗੇ ਵੀ ਅਜਿਹਾ ਕਰਦਾ ਰਹਾਂਗਾ। ਉਨ੍ਹਾਂ ਕਰਕੇ ਹੀ ਮੈਂ ਹਾਂ ਤੇ ਉਹ ਮੈਨੂੰ ਤੇ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ।
ਸਵਾਲ : ਤੁਸੀਂ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ?
ਜਵਾਬ : ਮੈਂ ਸ਼ੁਰੂ ਤੋਂ ਏ. ਆਰ. ਰਹਿਮਾਨ ਜੀ ਨੂੰ ਸੁਣਦਾ ਆ ਰਿਹਾ ਹਾਂ। ਪ੍ਰੀਤਮ ਜੀ ਤੇ ਬਾਲੀਵੁੱਡ ਤੋਂ ਲੈ ਕੇ ਤਾਮਿਲ ਗੀਤ ਵੀ ਸੁਣਨਾ ਪਸੰਦ ਕਰਦਾ ਹਾਂ। ਮੇਰੀ ਇੱਛਾ ਹੈ ਕਿ ਕਦੇ ਮੈਂ ਉਸ ਤਰ੍ਹਾਂ ਦਾ ਸੰਗੀਤ ਬਣਾ ਸਕਾਂ।
ਸਵਾਲ : ਬਾਲੀਵੁੱਡ 'ਚ ਜਾਣ ਦਾ ਕੋਈ ਪਲਾਨ?
ਜਵਾਬ : ਪਲਾਨ ਤਾਂ ਹੈ ਪਰ ਮੈਂ ਬਾਲੀਵੁੱਡ 'ਚ ਵੀ ਪੰਜਾਬੀ ਸੰਗੀਤ ਨੂੰ ਹੀ ਲਿਜਾਣਾ ਚਾਹੁੰਦਾ ਹਾਂ। ਜੋ ਅਸੀਂ ਇਥੇ ਕਰਦੇ ਹਾਂ, ਉਹੀ ਕੰਮ ਹਿੰਦੀ ਮਿਊਜ਼ਿਕ ਇੰਡਸਟਰੀ 'ਚ ਕਰਨਾ ਹੈ।
ਸਵਾਲ : ਤੁਹਾਡੀ ਕਿਹੜੇ ਗਾਇਕ ਨਾਲ ਕੰਮ ਕਰਨ ਦੀ ਇੱਛਾ ਹੈ?
ਜਵਾਬ : ਹੁਣ ਤਾਂ ਅਜਿਹਾ ਕੋਈ ਗਾਇਕ ਨਹੀਂ ਹੈ, ਜਿਸ ਨਾਲ ਮੈਂ ਕੰਮ ਨਹੀਂ ਕੀਤਾ। ਕਈ ਵਾਰ ਅਜਿਹਾ ਜ਼ਰੂਰ ਹੁੰਦਾ ਹੈ ਕਿ ਮੈਂ ਕਿਸੇ ਗਾਇਕ ਦੇ ਗੀਤ ਸੁਣਦਾ ਹਾਂ ਤੇ ਉਸ ਨਾਲ ਕੰਮ ਕਰਨ ਦੀ ਇੱਛਾ ਜਾਨੀ ਨਾਲ ਜ਼ਾਹਿਰ ਕਰਦਾ ਹਾਂ। ਕੁਝ ਦਿਨਾਂ ਬਾਅਦ ਜਾਨੀ ਭਾਜੀ ਕਹਿੰਦੇ ਹਨ ਕਿ ਸਾਨੂੰ ਉਸੇ ਗਾਇਕ ਦਾ ਫੋਨ ਆਇਆ ਹੈ, ਜਿਸ ਨਾਲ ਕੰਮ ਕਰਨ ਦੀ ਤੁਸੀਂ ਇੱਛਾ ਜ਼ਾਹਿਰ ਕੀਤੀ ਸੀ। ਜਿਵੇਂ ਹੁਣ ਅਸੀਂ ਮਨਕੀਰਤ ਔਲਖ ਨਾਲ ਗੀਤ ਬਣਾਇਆ ਹੈ। ਉਨ੍ਹਾਂ ਦੇ ਗੀਤ 'ਕਦਰ' ਤੇ 'ਗੱਲਾਂ ਮਿੱਠੀਆਂ' ਮੈਂ ਬਹੁਤ ਸੁਣੇ ਹਨ ਤੇ ਖੁਸ਼ਕਿਮਸਤੀ ਸੀ ਕਿ ਕੁਝ ਸਮੇਂ ਬਾਅਦ ਹੀ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ।
ਸਵਾਲ : ਗਾਇਕੀ ਦੇ ਨਾਲ-ਨਾਲ ਮਿਊਜ਼ਿਕ ਦੇਣਾ ਵੀ ਜਾਰੀ ਰੱਖੋਗੇ?
ਜਵਾਬ : ਮਿਊਜ਼ਿਕ ਡਾਇਰੈਕਸ਼ਨ ਤਾਂ ਮੈਂ ਕਦੇ ਵੀ ਨਹੀਂ ਛੱਡ ਸਕਦਾ। ਇਹ ਮੇਰਾ ਪਿਆਰ ਹੈ। ਗਾਇਕੀ ਵੀ ਪਿਆਰ ਹੈ। ਅੱਗੇ ਮੈਂ ਇਕ ਹੋਰ ਸੈਡ ਸੌਂਗ ਕਰ ਰਿਹਾ ਹਾਂ, ਫਿਰ ਉਸ ਤੋਂ ਬਾਅਦ ਇਕ ਬੀਟ ਸੌਂਗ ਆਵੇਗਾ। ਸੋ ਦੋਵੇਂ ਚੀਜ਼ਾਂ ਨਾਲ-ਨਾਲ ਚੱਲਦੀਆਂ ਰਹਿਣਗੀਆਂ।

Tags: B Praak Mann Bharrya Interview ਬੀ ਪਰਾਕ ਮਨ ਭਰਿਆ ਇੰਟਰਵਿਊ