ਨਵੀਂ ਦਿੱਲੀ— 'ਬਾਹੂਬਲੀ 2' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਰੱਖੀ ਹੈ ਅਤੇ ਇਸ ਗੱਲ ਨਾਲ ਗੁਆਂਢੀ ਦੇਸ਼ ਵੀ ਇਨਕਾਰ ਨਹੀਂ ਕਰ ਸਕਦਾ। ਜੀ ਹਾਂ, ਪਾਕਿਸਤਾਨ 'ਚ ਵੀ 'ਬਾਹੂਬਲੀ 2' ਦੇ ਸਾਰੇ ਸ਼ੋਅ ਹਾਊਸਫੁੱਲ ਜਾ ਰਹੇ ਹਨ ਅਤੇ ਲੋਕਾਂ ਨੂੰ ਟਿਕਟਾਂ ਲਈ ਲੰਬੀਆਂ ਲਾਇਨਾਂ 'ਚ ਲੱਗਣਾ ਪੈ ਰਿਹਾ ਹੈ। ਓਮਰ ਸੰਧੂ ਨਾਂ ਦੇ ਇੱਕ ਪਾਕਿਸਤਾਨੀ ਟਵਿਟਰ ਯੂਜਰ ਨੇ ਟਵੀਟ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਲੋਕ ਸ਼ੋਅ ਦੀਆਂ ਟਿਕਟਾਂ ਲਈ ਲਾਈਨਾਂ 'ਚ ਲੱਗੇ ਹੋਏ ਨਜ਼ਰ ਆ ਰਹੇ ਹਨ। ਦੂਜੀਆਂ ਤਸਵੀਰਾਂ 'ਚ ਲੋਕ ਸਿਨੇਮਾ ਹਾਲ ਤੋਂ ਫਿਲਮ ਦੇਖ ਕੇ ਬਾਹਰ ਨਿਕਲ ਰਹੇ ਹਨ। ਓਮਰ ਨੇ ਲਿਖਿਆ ਹੈ ਕਿ, ''ਬਾਹੂਬਲੀ ਪਾਕਿਸਤਾਨ 'ਚ ਵੀ ਸੁਪਰ ਰਾਕਿੰਗ ਹੈ। ਪਬਲਿਕ ਨੂੰ ਫਿਲਮ ਕਾਫੀ ਪਸੰਦ ਆ ਰਹੀ ਹੈ। ਕਰਾਚੀ ਅਤੇ ਲਾਹੌਰ 'ਚ ਫਿਲਮ ਦੇ ਸਾਰੇ ਸ਼ੋਅ ਹਾਊਸਫੁੱਲ ਜਾ ਰਹੇ ਹਨ।''
ਦੱਸਣਯੋਗ ਹੈ ਕਿ 'ਬਾਹੂਬਲੀ 2' ਨੇ ਤਕਰੀਬਨ 9 ਦਿਨਾਂ 'ਚ 1000 ਕਰੋੜ ਦੀ ਕਮਾਈ ਦਾ ਆਂਕੜਾ ਪਾਰ ਕਰ ਲਿਆ ਹੈ। 'ਬਾਹੂਬਲੀ 2' ਨੇ ਭਾਰਤ 'ਚ 800 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਤਾਂ ਦੁਜੇ ਪਾਸੇ ਵਿਦੇਸ਼ਾਂ 'ਚ ਫਿਲਮ ਨੇ ਲਗਭਗ 200 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੇ ਹਾਊਸਫੁੱਲ ਸ਼ੋਅਜ਼ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫਿਲਮ 1500 ਕਰੋੜ ਦਾ ਆਂਕੜਾ ਬਹੁਤ ਜਲਦ ਪਾਰ ਕਰ ਲਵੇਗੀ। ਇਸ ਫਿਲਮ 'ਚ ਤਮੰਨਾ, ਰਾਣਾ ਦੱਗੁਬਤੀ, ਅਨੁਸ਼ਕਾ ਸ਼ੈੱਟੀ, ਰਾਮਿਆ ਕ੍ਰਿਸ਼ਣਨ, ਨਾਸਿਰ ਅਤੇ ਸੱਤਿਆਰਾਜ ਮੁੱਖ ਭੂਮਿਕਾ 'ਚ ਹਨ।