ਮੁੰਬਈ— ਚੀਨ 'ਚ ਆਮਿਰ ਖਾਨ ਦੀ ਫਿਲਮ 'ਦੰਗਲ' ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ ਚੀਨ 'ਚ 700 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਟਰੈਂਡ ਐਨਾਲਿਸਟ ਰਮੇਸ਼ ਬਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਰਮੇਸ਼ ਮੁਤਾਬਕ ਫਿਲਮ ਨੇ ਹੁਣ ਤਕ 731.36 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਨਾਲ 'ਦੰਗਲ' ਦੀ ਵਰਲਡਵਾਈਡ ਕਮਾਈ 1501.64 ਕਰੋੜ ਰੁਪਏ ਹੋ ਗਈ ਹੈ।
ਭਾਰਤੀ ਸਿਨੇਮਾ 'ਚ 1500 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ 'ਦੰਗਲ' ਦੂਜੀ ਫਿਲਮ ਬਣ ਗਈ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਰਿਲੀਜ਼ ਹੋਈ 'ਬਾਹੂਬਲੀ 2' ਵਰਲਡਵਾਈਡ 1500 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਫਿਲਮ ਬਣੀ।
ਰਿਲੀਜ਼ ਦੇ ਸਿਰਫ 17 ਦਿਨਾਂ 'ਚ ਹੀ 'ਦੰਗਲ' ਨੇ ਚੀਨ 'ਚ ਧਾਕੜ ਕਮਾਈ ਕੀਤੀ ਹੈ ਤੇ ਇਸ ਤੋਂ ਲੱਗਦਾ ਹੈ ਕਿ ਆਮਿਰ ਦੀ ਇਹ ਫਿਲਮ 'ਬਾਹੂਬਲੀ 2' ਨੂੰ ਵਰਲਡਵਾਈਡ ਕਮਾਈ ਦੇ ਮਾਮਲੇ 'ਚ ਪਿੱਛੇ ਛੱਡ ਸਕਦੀ ਹੈ। ਜਿਸ ਰਫਤਾਰ ਨਾਲ 'ਦੰਗਲ' ਚੀਨ 'ਚ ਕਮਾਈ ਕਰ ਰਹੀ ਹੈ, ਜੇਕਰ ਇਹੀ ਰਫਤਾਰ ਬਣੀ ਰਹੀ ਤਾਂ ਵਰਲਡਵਾਈਡ ਕਮਾਈ ਦੇ ਮਾਮਲੇ 'ਚ 'ਬਾਹੂਬਲੀ 2' ਪਿੱਛੇ ਰਹਿ ਜਾਵੇਗੀ।