ਜਲੰਧਰ (ਬਿਊਰੋ) — ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣਾ ਨਵਾਂ ਗੀਤ ਸੁਣਾ ਰਹੇ ਹਨ, ਜਿਸ ਨੂੰ ਕਿ ਉਨ੍ਹਾਂ ਨੇ ਸਰਹੱਦਾਂ ਦੇ ਰਾਖਿਆਂ ਨੂੰ ਸਮਰਪਿਤ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣੇ ਸਟੂਡੀਓ 'ਚ ਇਸ ਗੀਤ ਨੂੰ ਐਡਿਟ ਕਰ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਹ ਗੀਤ ਸੁਣਾ ਰਹੇ ਹਨ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਇਹ ਗੀਤ ਸਮਰਪਿਤ ਹੈ ਦਲੇਰ ਪੰਜਾਬੀਆਂ ਅਤੇ ਮੇਰੇ ਫੌਜੀ ਵੀਰਾਂ ਨੂੰ, ਜਿਹੜੇ ਸਰਹੱਦ ਤੋਂ ਪਾਰ ਜਾ ਕੇ ਦੁਸ਼ਮਣ ਦੇ ਹਲਕ ਨੂੰ ਹੱਥ ਪਾ ਲੈਂਦੇ ਅਤੇ ਹਥਿਆਰ ਖੋਹ ਲੈਂਦੇ ਨੇ।' ਇਸ ਵੀਡੀਓ 'ਚ ਬੱਬੂ ਮਾਨ ਜੋਸ਼ੀਲੇ ਅੰਦਾਜ਼ 'ਚ ਭੰਗੜਾ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਹਨ।
ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। ਭਾਵੇਂ ਉਹ 'ਪਿੰਡ ਪਹਿਰਾ ਲੱਗਦਾ' ਹੋਵੇ, 'ਸੱਜਣ ਰੁਮਾਲ ਦੇ ਗਿਆ', 'ਤੂੰ ਸੌਂ ਕੇ ਰਾਤ ਗੁਜ਼ਾਰ ਲਈ', 'ਮਿੱਤਰਾਂ ਦੀ ਛੱਤਰੀ' ਹੋਵੇ ਜਾਂ ਫਿਰ 'ਸਾਉਣ ਦੀ ਝੜੀ' ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਉਹ ਪੰਜਾਬੀ ਸੰਗੀਤ ਜਗਤ 'ਤੇ ਰਾਜ ਕਰਦੇ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ, ਜਿਸ 'ਚ 'ਛਰਾਟਾ', 'ਕਲਿੱਕਾਂ' ਸਣੇ ਕਈ ਗੀਤ ਸ਼ਾਮਿਲ ਹਨ।