ਜਲੰਧਰ (ਬਿਊਰੋ)— ਮਸ਼ਹੂਰ ਗੀਤਕਾਰ, ਗਾਇਕ, ਐਕਟਰ, ਡਾਇਰੈਕਟਰ, ਪ੍ਰੋਡਿਊਸਰ ਤੇ ਮਿਊਜ਼ਿਕ ਕੰਪੋਜ਼ਰ ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਹਾਲ ਹੀ 'ਚ 'ਡੈਫ ਬਾਮਾ ਮਿਊਜ਼ਿਕ ਐਵਾਰਡਸ 2017' ਲਈ ਨਾਮੀਨੇਟ ਹੋਏ ਸਨ। ਵੱਖ-ਵੱਖ ਸੱਭਿਆਚਾਰਾਂ ਦੇ ਸੰਗੀਤ ਨੂੰ ਹੁੰਗਾਰਾ ਦੇਣ ਲਈ ਐਵਾਰਡ ਸਮਾਰੋਹ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ 'ਚ ਪੂਰਬੀ ਯੂਰਪ ਦੇਸ਼ਾਂ ਦੇ ਟੈਲੇਂਟਿਡ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਬੱਬੂ ਮਾਨ ਨੇ ਇਸ ਐਵਾਰਡ ਸਮਾਰੋਹ ਲਈ ਨਾਮੀਨੇਟ ਹੋ ਕੇ ਨਾ ਸਿਰਫ ਪੰਜਾਬੀਆਂ ਦਾ ਮਾਣ ਵਧਾਇਆ ਹੈ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ 2 ਮੁੱਖ ਐਵਾਰਡ ਜਿੱਤ ਕੇ ਪੂਰੀ ਦੁਨੀਆ 'ਚ ਪੰਜਾਬੀ ਬੋਲੀ ਦਾ ਨਾਂ ਉੱਚਾ ਕੀਤਾ ਹੈ।
ਬੱਬੂ ਮਾਨ ਨੇ 'ਬੈਸਟ ਮੇਲ' ਤੇ 'ਬੈਸਟ ਪੰਜਾਬੀ ਐਕਟ' ਵਰਗੇ ਮੁੱਖ ਐਵਾਰਡ ਇਸ ਸਮਾਰੋਹ 'ਚ ਜਿੱਤੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੱਬੂ ਮਾਨ 4 'ਵਰਲਡ ਮਿਊਜ਼ਿਕ ਐਵਾਰਡਸ' ਜਿੱਤ ਚੁੱਕੇ ਹਨ ਤੇ ਉਨ੍ਹਾਂ ਦੀ ਐਲਬਮ 'ਤਲਾਸ਼ : ਇਨ ਸਰਚ ਆਫ ਸੌਲ' 'ਬਿਲਬੋਰਡ 200 ਚਾਰਟਸ' 'ਚ ਵੀ ਸ਼ਮੂਲੀਅਤ ਕਰ ਚੁੱਕੀ ਹੈ। 'ਡੈਫ ਬਾਮਾ ਮਿਊਜ਼ਿਕ ਐਵਾਰਡਸ' ਜਿੱਤਣ ਤੋਂ ਬਾਅਦ ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਬੱਬੂ ਮਾਨ ਨੇ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਇੱਜ਼ਤ ਵੀ ਤੁਹਾਡੀ, ਇਨਾਮ ਵੀ ਤੁਹਾਡਾ। ਸ਼ੁਰੂਆਤ ਵੀ ਤੁਹਾਡੀ, ਮਾਨ ਵੀ ਤੁਹਾਡਾ। ਬੇਇਮਾਨ।'
ਭਾਰਤ 'ਚੋਂ ਬੱਬੂ ਮਾਨ ਹੀ ਇਕੱਲੇ ਆਰਟਿਸਟ ਨਹੀਂ ਹਨ, ਜੋ ਇਨ੍ਹਾਂ ਐਵਾਰਡਸ ਲਈ ਨਾਮੀਨੇਟ ਹੋਏ ਹਨ। ਉਨ੍ਹਾਂ ਤੋਂ ਇਲਾਵਾ ਨੇਹਾ ਕੱਕੜ ਵੀ 'ਡੈਫ ਬਾਮਾ ਮਿਊਜ਼ਿਕ ਐਵਾਰਡਸ' ਲਈ ਨਾਮੀਨੇਟ ਹੋਈ ਸੀ ਪਰ ਬਦਕਿਸਮਤੀ ਨਾਲ ਉਹ ਕੋਈ ਐਵਾਰਡ ਨਹੀਂ ਜਿੱਤ ਸਕੀ।