ਜਲੰਧਰ (ਬਿਊਰੋ)— ਕੀ ਤੁਹਾਨੂੰ ਪਤਾ ਹੈ ਕਿ ਸਿੰਗਰ-ਰੈਪਰ ਬਾਦਸ਼ਾਹ ਨੂੰ ਪਹਿਲਾਂ ਬੱਚੇ ਜ਼ਿਆਦਾ ਪਸੰਦ ਨਹੀਂ ਸਨ ਪਰ ਜਦੋਂ ਤੋਂ ਉਹ ਇਕ ਬੇਟੀ ਦੇ ਪਿਤਾ ਬਣੇ ਹਨ, ਉਨ੍ਹਾਂ ਦੀ ਪਸੰਦ ਬਦਲ ਗਈ ਹੈ। ਬਾਦਸ਼ਾਹ ਨੂੰ ਹੁਣ ਬੱਚੇ ਇੰਨੇ ਪਸੰਦ ਹਨ ਕਿ ਉਹ ਕਿਸੇ ਵੀ ਬੱਚੇ ਨੂੰ ਰੋਂਦਾ ਨਹੀਂ ਦੇਖ ਸਕਦੇ।
ਬਾਦਸ਼ਾਹ ਨੇ ਕਿਹਾ, 'ਮੈਨੂੰ ਪਹਿਲਾਂ ਬੱਚੇ ਪਸੰਦ ਨਹੀਂ ਸਨ ਤੇ ਮੈਂ ਉਨ੍ਹਾਂ ਨਾਲ ਨਫਰਤ ਕਰਦਾ ਸੀ। ਇਹ ਸਭ ਉਦੋਂ ਬਦਲ ਗਿਆ, ਜਦੋਂ ਮੇਰੇ ਘਰ ਨੰਨ੍ਹੀਂ ਪਰੀ ਆਈ। ਹੁਣ ਮੈਂ ਬੱਚਿਆਂ ਨੂੰ ਪਸੰਦ ਕਰਨ ਲੱਗ ਗਿਆ ਹਾਂ। ਜਦੋਂ ਵੀ ਮੈਂ ਕਿਸੇ ਰੋਂਦੇ ਬੱਚੇ ਨੂੰ ਦੇਖਦਾ ਹਾਂ ਤਾਂ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹਾਂ।'
ਬਾਦਸ਼ਾਹ ਦੀ ਬੇਟੀ ਦਾ ਜਨਮ 11 ਜਨਵਰੀ 2017 ਨੂੰ ਹੋਇਆ। ਉਸ ਦਾ ਨਾਂ ਜੈਸੇਮੀ ਗਰੇਸ ਮਸੀਹ ਸਿੰਘ ਹੈ। ਬਾਦਸ਼ਾਹ ਨੇ ਦੱਸਿਆ ਕਿ ਉਹ ਆਪਣੀ ਐਲਬਮ 'ਵਨ' (ਆਰੀਜਨਲ ਨੈਵਰ ਐਂਡਸ) ਪਿਛਲੇ ਸਾਲ ਰਿਲੀਜ਼ ਕਰਨਾ ਚਾਹੁੰਦੇ ਸਨ ਪਰ ਆਪਣੀ ਬੇਟੀ ਤੇ ਪਰਿਵਾਰ ਨਾਲ ਰੁੱਝੇ ਹੋਣ ਕਾਰਨ ਉਨ੍ਹਾਂ ਦੀ ਐਲਬਮ ਇਕ ਸਾਲ ਬਾਅਦ ਰਿਲੀਜ਼ ਹੋ ਰਹੀ ਹੈ। ਬਾਦਸ਼ਾਹ ਨੇ ਇਹ ਵੀ ਕਿਹਾ ਕਿ ਬੇਟੀ ਨਾਲ ਖੇਡਦੇ-ਖੇਡਦੇ ਇਕ ਸਾਲ ਕਿਵੇਂ ਬੀਤ ਗਿਆ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ।
ਐਲਬਮ ਬਾਰੇ ਗੱਲਬਾਤ ਕਰਦਿਆਂ ਬਾਦਸ਼ਾਹ ਨੇ ਕਿਹਾ, 'ਮੈਂ ਆਪਣੀ ਇਹ ਐਲਬਮ ਜਲਦ ਤੋਂ ਜਲਦ ਰਿਲੀਜ਼ ਕਰਨਾ ਚਾਹੁੰਦਾ ਹਾਂ। ਸ਼ਾਇਦ ਇਸ ਸਾਲ ਐਲਬਮ ਦਾ ਕੰਮ ਪੂਰਾ ਕਰਕੇ ਇਸ ਨੂੰ ਰਿਲੀਜ਼ ਕਰ ਦਿੱਤਾ ਜਾਵੇ।' ਦੱਸਣਯੋਗ ਹੈ ਕਿ 'ਵਨ' ਐਲਬਮ ਦਾ ਇਕ ਗੀਤ 8 ਜਨਵਰੀ ਨੂੰ ਰਿਲੀਜ਼ ਹੋਇਆ, ਜਿਸ ਦਾ ਨਾਂ 'ਕਰੇਜਾ' ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।