ਜਲੰਧਰ (ਬਿਊਰੋ) : ਅਗਲੇ ਮਹੀਨੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਨੂੰ ਨਾਮਵਰ ਫਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਬਲਜੀਤ ਸਿੰਘ ਦਿਓ ਦਾ ਕਹਿਣਾ ਹੈ ਕਿ ਇਹ ਫਿਲਮ ਪੰਜਾਬੀ ਦਰਸ਼ਕਾਂ ਨੂੰ ਪਸੰਦ ਆਵੇਗੀ। ਉਨ੍ਹਾਂ ਦੀ ਪਹਿਲੀ ਫਿਲਮ 'ਮੰਜੇ ਬਿਸਤਰੇ' ਨੂੰ ਮਿਲੀ ਆਪਾਰ ਸਫਲਤਾ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਮੁਤਾਬਕ ਇਹ ਫਿਲਮ ਪਿਛਲੀ ਫਿਲਮ ਨਾਲੋਂ ਬਿਲਕੁਲ ਵੱਖਰੀ ਹੋਵੇਗੀ ਪਰ ਇਸ ਵਾਰ ਮਨੋਰੰਜਨ ਦੀ ਡਬਲ ਡੋਜ਼ ਹੋਵੇਗੀ। ਕੈਨੇਡਾ 'ਚ ਬਣਾਈ ਗਈ ਇਹ ਫਿਲਮ ਉਥੇ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸੱਭਿਆਚਾਰ ਅਤੇ ਔਕੜਾਂ ਨੂੰ ਪਰਦੇ 'ਤੇ ਪੇਸ਼ ਕਰੇਗੀ।
ਨਿਰਦੇਸ਼ਕ ਮੁਤਾਬਕ ਇਸ ਫਿਲਮ ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ ਨਾਲ ਉਨ੍ਹਾਂ ਦੀ ਜ਼ੁਗਲਬੰਦੀ ਹਮੇਸ਼ਾ ਸਫਲ ਰਹੀ ਹੈ। ਗਿੱਪੀ ਦੀ ਸਿਨੇਮੇ ਪ੍ਰਤੀ ਸਮਝ ਅਤੇ ਫਿਲਮ ਪ੍ਰਤੀ ਸੰਜੀਦਗੀ ਕਮਾਲ ਦੀ ਹੈ। ਉਸ ਦੀ ਅਣਥਿੱਕ ਮਿਹਨਤ ਸਦਕਾ ਹੀ 'ਮੰਜੇ ਬਿਸਤਰੇ 2' ਨੇਪਰੇ ਚੜ੍ਹੀ ਹੈ। ਇਸ ਫਿਲਮ ਨੂੰ ਲਿਖਿਆ ਵੀ ਗਿੱਪੀ ਗਰੇਵਾਲ ਨੇ ਹੀ ਹੈ। ਉਸ ਨਾਲ ਉਨ੍ਹਾਂ ਦੀ ਸਾਂਝ ਬਹੁਤ ਪੁਰਾਣੀ ਹੈ। ਦੋਵਾਂ ਦੀ ਸਾਂਝ ਪੰਜਾਬੀ ਫਿਲਮ 'ਮਿਰਜ਼ਾ' ਵੇਲੇ ਪਈ ਸੀ। ਉਸ ਤੋਂ ਬਾਅਦ ਦੋਵਾਂ ਦੀ ਸਾਂਝ ਇਸ ਕਦਰ ਪਈ ਕਿ ਹੁਣ ਦੋਵੇਂ ਜਣੇ ਹਰ ਫਿਲਮ 'ਚ ਇੱਕਠੇ ਕੰਮ ਤਾਂ ਕਰਦੇ ਹੀ ਹਨ ਸਗੋਂ ਇਕ-ਦੂਜੇ ਨੂੰ ਸਹੀ ਸਲਾਹ ਵੀ ਦਿੰਦੇ ਹਨ। ਬਲਜੀਤ ਸਿੰਘ ਦਿਓ ਮੁਤਾਬਕ 'ਮੰਜੇ ਬਿਸਤਰੇ' ਸਾਲ 2017 'ਚ ਆਈ ਸੀ ਅਤੇ ਹੁਣ ਇਸ ਦਾ ਸੀਕਵਲ ਕਰੀਬ 2 ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਇਸ ਦਰਮਿਆਨ ਨਾ ਸਿਰਫ ਪੰਜਾਬੀ ਸਿਨੇਮਾ ਬਦਲਿਆ ਹੈ ਸਗੋਂ ਵਿਆਹਾਂ 'ਤੇ ਬਹੁਤ ਸਾਰੀਆਂ ਫਿਲਮਾਂ ਵੀ ਰਿਲੀਜ਼ ਹੋ ਚੁੱਕੀਆਂ ਹਨ। ਇਸ ਲਈ ਇਸ ਫਿਲਮ ਨੂੰ ਹੋਰਾਂ ਪੰਜਾਬੀ ਫਿਲਮਾਂ ਨਾਲੋਂ ਵੱਖਰਾ ਬਣਾਉਣਾ ਉਨ੍ਹਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਕਿ ਪਰ ਉਨ੍ਹਾਂ ਦੀ ਟੀਮ ਦੀ ਮਿਹਨਤ ਸਦਕਾ ਉਹ ਇਕ ਵੱਖਰੇ ਕਿਸਮ ਦੀ ਪੰਜਾਬੀ ਫਿਲਮ ਬਣਾਉਣ 'ਚ ਕਾਮਯਾਬ ਹੋਏ ਹਨ। ਇਹ ਫਿਲਮ ਮਨੋਰੰਜਨ ਨਾਲ ਭਰਪੂਰ ਹੋਵੇਗੀ, ਜਿਸ ਨੂੰ ਪਹਿਲੀ ਫਿਲਮ ਵਾਂਗ ਸੁਮੱਚਾ ਪਰਿਵਾਰ ਦੇਖ ਸਕਦਾ ਹੈ।
'ਮੰਜੇ ਬਿਸਤਰੇ 2' ਫਿਲਮ 'ਚ ਜ਼ਿਆਦਾਤਰ ਕਲਾਕਾਰ ਪਹਿਲੀ ਫਿਲਮ ਵਾਲੇ ਹੀ ਹਨ ਪਰ ਇਸ ਵਾਰ ਸੋਨਮ ਬਾਜਵਾ ਦੀ ਥਾਂ ਸਿਮੀ ਚਾਹਲ ਨਜ਼ਰ ਆਵੇਗੀ। ਫਿਲਮ 'ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਰਘਬੀਰ ਬੋਲੀ, ਮਲਕੀਤ ਰੌਣੀ, ਨਿਸ਼ਾ ਬਾਨੋਂ, ਜੱਗੀ ਸਿੰਘ, ਰੁਪਿੰਦਰ ਰੂਪੀ, ਰਾਣਾ ਰਣਬੀਰ ਅਤੇ ਬਨਿੰਦਰ ਬਨੀ ਸਮੇਤ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਤੋਂ ਬਾਅਦ ਦਰਸ਼ਕ ਉਸ ਦੀ ਅਤੇ ਗਿੱਪੀ ਗਰੇਵਾਲ ਦੀ ਜੋੜੀ ਦੀ ਅਗਲੀ ਫਿਲਮ 'ਡਾਕਾ' ਦੇਖਣਗੇ, ਜਿਸ ਦੀ ਸ਼ੂਟਿੰਗ ਹਾਲ ਹੀ 'ਚ ਮੁਕੰਮਲ ਹੋਈ ਹੈ। ਇੰਨ੍ਹਾਂ ਹੀ ਨਹੀਂ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ 2' 'ਚ ਵੀ ਉਨ੍ਹਾਂ ਨੇ ਬਤੌਰ ਸਿਨੇਮਾਟੋਗ੍ਰਾਫਰ ਕੰਮ ਕੀਤਾ ਹੈ।