ਜਲੰਧਰ (ਸੋਮ) — ਸੁਪਰਹਿੱਟ ਸਿੰਗਲ ਟਰੈਕ 'ਜਾਨ 'ਤੇ ਬਣੀ', 'ਰੱਬ ਵਿਚੋਲਾ', 'ਇਸ਼ਕ ਬਾਜ਼ੀਆਂ', 'ਫੀਲ', 'ਪਰੀ', 'ਕੀਮਤ' ਅਤੇ ਕੈਨੇਡਾ ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਬਲਰਾਜ ਦਾ ਨਵਾਂ ਸਿੰਗਲ ਟਰੈਕ 'ਰੱਬ ਵਰਗਿਆ' ਅੱਜ ਰਿਲੀਜ਼ ਹੋ ਚੁੱਕਾ ਹੈ। ਬਲਰਾਜ ਦੇ ਇਸ ਗੀਤ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਟੀ-ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਬਾਵਾ ਨੇ ਦੱਸਿਆ ਕਿ ਬਲਰਾਜ ਦੇ ਸਿੰਗਲ ਟਰੈਕ 'ਰੱਬ ਵਰਗਿਆ' ਦਾ ਮਿਊਜ਼ਿਕ ਜੀ ਗੁਰੀ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਸਿੰਘ ਜੀਤ ਨੇ ਕੀਤਾ ਹੈ। ਇਸ ਗੀਤ ਦਾ ਵੀਡੀਓ ਕਾਕਾ ਫਿਲਮਜ਼ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਗਿਆ ਹੈ।
ਦੱਸਣਯੋਗ ਹੈ ਕਿ ਬਲਰਾਜ ਦੇ ਗੀਤ 'ਰੱਬ ਵਰਗਿਆ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਬਲਰਾਜ ਨੇ ਮੁੰਡੇ ਵਲੋਂ ਕੁੜੀ ਨੂੰ ਦਿੱਤੇ ਧੋਖੇ ਨੂੰ ਦਿਖਾਇਆ ਹੈ, ਜੋ ਕਿ ਕਾਫੀ ਭਾਵੁਕ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਲਰਾਜ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਦਰਸ਼ਕਾਂ ਵਲੋਂ ਪਿਆਰ ਮਿਲੇਗਾ।