ਜਲੰਧਰ— ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' 29 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ ਤੇ ਡੌਲੀ ਬਿੰਦਰਾ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਆਪਣੀ ਬਾਡੀ ਕਰਕੇ ਚਰਚਾ 'ਚ ਰਹਿਣ ਵਾਲਾ ਬਰਿੰਦਰ ਢਪਈ ਵੀਰੂ ਕਪਿਲ ਸ਼ਰਮਾ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਹਾਜ਼ਰੀ ਭਰ ਚੁੱਕਾ ਹੈ, ਜਿਥੇ ਉਸ ਨੂੰ ਜ਼ਬਰਦਸਤ ਬਾਡੀ ਕਾਰਨ ਖੂਬ ਸਰਾਹਿਆ ਗਿਆ। ਬਰਿੰਦਰ ਦਰਸ਼ਕਾਂ ਵਿਚਾਲੇ ਬੈਠ ਕੇ ਕਪਿਲ ਦਾ ਸ਼ੋਅ ਦੇਖ ਰਹੇ ਸਨ। ਖੇਡਾਂ 'ਤੇ ਆਧਾਰਿਤ ਕਪਿਲ ਦੇ ਸ਼ੋਅ ਦੇ ਇਸ ਐਪੀਸੋਡ 'ਚ ਜਿਵੇਂ ਹੀ ਕਪਿਲ ਦਾ ਧਿਆਨ ਬਰਿੰਦਰ 'ਤੇ ਪਿਆ ਤਾਂ ਉਨ੍ਹਾਂ ਨੇ ਉਸ ਨੂੰ ਸਟੇਜ 'ਤੇ ਬੁਲਾ ਲਿਆ। ਇਸ ਤੋਂ ਬਾਅਦ ਬਰਿੰਦਰ ਨੇ ਆਪਣੀ ਬਾਡੀ ਬਾਰੇ ਗੱਲਬਾਤ ਕੀਤੀ ਤੇ ਉਥੇ ਮੌਜੂਦ ਲੋਕਾਂ ਨੂੰ ਪ੍ਰਭਾਵਿਤ ਵੀ ਕੀਤਾ। ਕਪਿਲ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਵੀ ਬਰਿੰਦਰ ਢਪਈ ਵੀਰੂ ਦੀ ਬਾਡੀ ਦੇਖ ਹੈਰਾਨ ਸਨ। ਬੈਕ ਸਟੇਜ ਜਾ ਕੇ ਵੀ ਕਪਿਲ ਤੇ ਸਿੱਧੂ ਨੇ ਬਰਿੰਦਰ ਨਾਲ ਖਾਸ ਗੱਲਬਾਤ ਕੀਤੀ ਸੀ।
ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫਿਲਮ 'ਚ ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ।